ਅਖਨੂਰ ‘ਚ ਅਤਿਵਾਦੀਆਂ ਨੇ ਫੌਜ ਦੇ ਕਾਫਲੇ ‘ਤੇ ਕੀਤਾ ਹਮਲਾ

ਡੈਸਕ- ਜੰਮੂ-ਕਸ਼ਮੀਰ ਦੇ ਅਖਨੂਰ ‘ਚ ਅਤਿਵਾਦੀਆਂ ਨੇ ਫੌਜ ਦੇ ਕਾਫਲੇ ‘ਤੇ ਗੋਲੀਬਾਰੀ ਕੀਤੀ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਹੈ ਅਤੇ ਵੱਡੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਗੋਲੀਬਾਰੀ ਕਰਨ ਵਾਲੇ ਅਤਿਵਾਦੀਆਂ ਦੀ ਗਿਣਤੀ 3 ਤੋਂ 4 ਦੱਸੀ ਜਾ ਰਹੀ ਹੈ, ਜੋ ਹੁਣ ਕਿਸੇ ਸਥਾਨਕ ਮੰਦਰ ਦੇ ਆਸ-ਪਾਸ ਲੁਕੇ ਹੋ ਸਕਦੇ ਹਨ।

ਇਸ ਅਤਿਵਾਦੀ ਗਤੀਵਿਧੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫੌਜ ਅਤੇ ਸਪੈਸ਼ਲ ਆਪਰੇਸ਼ਨ ਗਰੁੱਪ (SOG) ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸੋਮਵਾਰ ਸਵੇਰੇ ਕਰੀਬ 7 ਵਜੇ ਘਾਤ ਵਿਚ ਬੈਠੇ ਤਿੰਨ ਅਣਪਛਾਤੇ ਅਤਿਵਾਦੀਆਂ ਨੇ ਫੌਜ ਦੇ ਕਾਫਲੇ ‘ਤੇ ਗੋਲੀਬਾਰੀ ਕੀਤੀ। ਇਹ ਘਟਨਾ ਅਖਨੂਰ ਦੇ ਬਟਾਲ ਪਿੰਡ ਦੇ ਸ਼ਿਵ ਮੰਦਰ ਨੇੜੇ ਵਾਪਰੀ। 32 ਫੀਲਡ ਰੈਜੀਮੈਂਟ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।