ਭਾਰਤ ਨੇ ਸੈਂਚੁਰੀਅਨ ‘ਚ ਰਚਿਆ ਇਤਿਹਾਸ, ਤੀਜੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ 11 ਦੌੜਾਂ ਨਾਲ ਹਰਾਇਆ

ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 4 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ‘ਚ ਖੇਡਿਆ ਗਿਆ। ਟੀਮ ਇੰਡੀਆ ਨੇ ਇਹ ਮੈਚ ਜਿੱਤ ਕੇ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ। ਇਹ ਮੈਚ ਟੀਮ ਇੰਡੀਆ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਇਸ ਮੈਚ ਨੂੰ ਜਿੱਤ ਕੇ ਟੀਮ ਇੰਡੀਆ ਨੇ ਸੀਰੀਜ਼ ਹਾਰਨ ਦਾ ਖ਼ਤਰਾ ਟਲ ਗਿਆ ਸੀ।

ਇਸ ਮੈਚ ‘ਚ ਟਾਸ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਪਹਿਲਾਂ ਜ਼ੋਰਦਾਰ ਬੱਲੇਬਾਜ਼ੀ ਕੀਤੀ ਅਤੇ ਫਿਰ ਗੇਂਦਬਾਜ਼ਾਂ ਨੇ ਉਸ ਨੂੰ ਜਿੱਤ ਵੱਲ ਤੋਰਿਆ। ਇਸ ਮੈਚ ‘ਚ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਰਹੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ। ਉਹਨਾਂ ਦੇ ਬੱਲੇ ਤੋਂ ਸ਼ਾਨਦਾਰ ਸੈਂਕੜਾ ਦੇਖਣ ਨੂੰ ਮਿਲਿਆ।

ਇਸ ਮੈਚ ‘ਚ ਦੱਖਣੀ ਅਫਰੀਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਇਹ ਫੈਸਲਾ ਗਲਤ ਸਾਬਤ ਹੋਇਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 219 ਦੌੜਾਂ ਬਣਾਈਆਂ। ਇਸ ਦੌਰਾਨ ਤਿਲਕ ਵਰਮਾ ਨੇ 56 ਗੇਂਦਾਂ ‘ਤੇ ਸਭ ਤੋਂ ਵੱਧ ਨਾਬਾਦ 107 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ 7 ਛੱਕੇ ਲਗਾਏ। ਇਹ ਉਸ ਦੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਵੀ ਸੀ। ਤਿਲਕ ਵਰਮਾ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਨੇ ਵੀ ਦਮਦਾਰ ਪ੍ਰਦਰਸ਼ਨ ਦਿਖਾਇਆ। ਉਸਨੇ 200 ਦੇ ਸਟ੍ਰਾਈਕ ਰੇਟ ਨਾਲ 25 ਗੇਂਦਾਂ ਵਿੱਚ 50 ਦੌੜਾਂ ਬਣਾਈਆਂ, ਜਿਸ ਵਿੱਚ 3 ਚੌਕੇ ਅਤੇ 5 ਛੱਕੇ ਸ਼ਾਮਲ ਸਨ।

ਦੂਜੇ ਪਾਸੇ ਹਾਰਦਿਕ ਪੰਡਯਾ ਨੇ 18 ਦੌੜਾਂ ਅਤੇ ਰਮਨਦੀਪ ਸਿੰਘ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫਰੀਕਾ ਵੱਲੋਂ ਕੇਸ਼ਵ ਮਹਾਰਾਜ ਅਤੇ ਐਂਡੀਲੇ ਸਿਮਲੇਨ ਮੈਚ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਦੋਵਾਂ ਗੇਂਦਬਾਜ਼ਾਂ ਨੇ 2-2 ਵਿਕਟਾਂ ਲਈਆਂ। ਮਾਰਕੋ ਜੈਨਸਨ ਵੀ ਇੱਕ ਵਿਕਟ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੇ।

220 ਦੌੜਾਂ ਦੇ ਟੀਚੇ ਦੇ ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ‘ਚ 208 ਦੌੜਾਂ ਹੀ ਬਣਾ ਸਕੀ ਅਤੇ ਟੀਮ ਇੰਡੀਆ ਨੇ ਇਹ ਮੈਚ 11 ਦੌੜਾਂ ਨਾਲ ਜਿੱਤ ਲਿਆ। ਹੇਨਰਿਕ ਕਲਾਸੇਨ ਅਤੇ ਮਾਰਕੋ ਜੈਨਸਨ ਤੋਂ ਇਲਾਵਾ ਦੱਖਣੀ ਅਫਰੀਕਾ ਦਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ। ਮਾਰਕੋ ਜੈਨਸਨ ਨੇ 17 ਗੇਂਦਾਂ ਵਿੱਚ 54 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ 4 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਹੇਨਰਿਕ ਕਲਾਸੇਨ ਨੇ ਵੀ 22 ਗੇਂਦਾਂ ‘ਚ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ। ਕਪਤਾਨ ਏਡਨ ਮਾਰਕਰਮ ਨੇ ਵੀ ਸਿਰਫ 29 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਰੀਜ਼ਾ ਹੈਂਡਰਿਕਸ 21 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।