ਡੈਸਕ- ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਧਮਾਕਾ ਹੋਇਆ ਹੈ। ਸਥਾਨਕ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਟੀਮ ਪਹੁੰਚ ਗਈ। ਧਮਾਕਾ ਕਿਸ ਕਾਰਨ ਹੋਇਆ, ਇਸ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਧਮਾਕੇ ਤੋਂ ਬਾਅਦ ਚਿੱਟੇ ਧੂੰਏ ਦਾ ਗੁਬਾਰ ਵੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਵੀ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਧਮਾਕਾ ਹੋਇਆ ਸੀ। ਦਿੱਲੀ ਫਾਇਰ ਸਰਵਿਸ ਮੁਤਾਬਕ ਉਨ੍ਹਾਂ ਨੂੰ ਵੀਰਵਾਰ ਸਵੇਰੇ 11:58 ਵਜੇ ਧਮਾਕੇ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਸਥਿਤ ਬੰਸੀ ਮਠਿਆਈ ਦੇ ਸਾਹਮਣੇ ਇੱਕ ਰੇਹੜੀ ਦੇ ਨੇੜੇ ਖੜੇ ਸਕੂਟਰ ਵਿੱਚ ਹੋਇਆ। ਪੁਲਿਸ ਟੀਮ ਮੌਕੇ ‘ਤੇ ਮੌਜੂਦ ਹੈ। ਘਟਨਾ ਵਾਲੀ ਥਾਂ ਤੋਂ ਚਿੱਟੇ ਰੰਗ ਦਾ ਪਾਉਡਰ ਬਰਾਮਦ ਹੋਇਆ ਹੈ, ਜਿਸਦੀ ਜਾਂਚ ਲਈ ਐਨਆਈਏ ਮੌਕੇ ਤੇ ਪਹੁੰਚੀ ਹੈ। ਇਹ ਧਮਾਕਾ ਕਿਸ ਕਾਰਨ ਹੋਇਆ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। 20 ਅਕਤੂਬਰ ਨੂੰ ਵੀ ਰੋਹਿਣੀ ਇਲਾਕੇ ਦੇ ਪ੍ਰਸ਼ਾਂਤ ਵਿਹਾਰ ਸਥਿਤ ਸੀਆਰਪੀਐਫ ਸਕੂਲ ਨੇੜੇ ਧਮਾਕਾ ਹੋਇਆ ਸੀ। ਧਮਾਕੇ ਕਾਰਨ ਸਕੂਲ ਦੀ ਕੰਧ, ਆਸ-ਪਾਸ ਦੀਆਂ ਦੁਕਾਨਾਂ ਅਤੇ ਇਕ ਕਾਰ ਨੂੰ ਨੁਕਸਾਨ ਪਹੁੰਚਿਆ ਸੀ।