ਸੁਖਬੀਰ ਸਿੱਘ ਬਾਦਲ ਵੱਲੋਂ ਗਲੇ ‘ਚ ਤਖਤੀ ਤੇ ਹੱਥ ‘ਚ ਬਰਛਾ ਲੈ ਕੇ ਸੇਵਾ ਸ਼ੁਰੂ

ਡੈਸਕ- ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 9 ਸਾਲ ਪਹਿਲਾਂ ਮੁਆਫ਼ੀ ਦੇਣ ਅਤੇ ਕੇਸ ਵਾਪਸ ਲੈਣ ਦੇ ਮਾਮਲੇ ਵਿੱਚ ਦੋਸ਼ੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਹੈ। ਸੁਖਬੀਰ ਸਿੰਘ ਬਾਦਲ ਆਪਣੇ ਗਲ ਵਿੱਚ ਤਖ਼ਤੀ ਪਾ ਕੇ, ਸੇਵਾਦਾਰ ਦੇ ਕੱਪੜੇ ਪਾ ਕੇ ਗੋਲਡਨ ਦੇ ਬਰਸ਼ਾ ਲੈ ਕੇ ਸੇਵਾ ਕਰ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪਖਾਨੇ ਅਤੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਦਿੱਤੀ ਗਈ ਹੈ।

ਸੁਖਬੀਰ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਬਾਗੀ ਧੜੇ ਅਤੇ ਵਿਰੋਧ ਨਾ ਕਰਨ ਦੇ ਦੋਸ਼ੀ ਆਗੂਆਂ ਨੂੰ ਵੀ ਪਖਾਨਿਆਂ ਦੀ ਸਫ਼ਾਈ ਦੀ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਹਨ। ਅੱਜ ਮੰਗਲਵਾਰ ਨੂੰ ਸੁਖਬੀਰ ਬਾਦਲ ਤੋਂ ਇਲਾਵਾ 2007-17 ਦੌਰਾਨ ਦੋਸ਼ੀ ਐਲਾਨੇ ਗਏ ਸਾਰੇ ਕੈਬਨਿਟ ਮੈਂਬਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਹਰਿਮੰਦਰ ਸਾਹਿਬ ਵਿਖੇ ਪੁੱਜਣਗੇ।

ਸ੍ਰੀ ਅਕਾਲ ਤਖ਼ਤ ‘ਤੇ ਪੰਜ ਸਿੱਖ ਸਾਹਿਬਾਨਾਂ ਦੀ ਏਕਤਰਤਾ ਹੋਈ। ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਵੱਡੇ ਫੈਸਲੇ ਲਏ। ਮਾਮਲੇ ਵਿੱਚ ਮੁੱਖ ਗੁਨਾਹਗਾਰ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ ਲਈ ਸਪੈਸ਼ਲ ਸਜ਼ਾ ਸੁਣਾਈ ਗਈ ਹੈ। ਦੋਵੇਂ ਆਗੂ ਦਰਬਾਰ ਸਾਹਿਬ ਵਿੱਚ ਪਹਿਰੇਦਾਰੀ ਕਰਨਗੇ। ਜਿਸ ਤੋਂ ਬਾਅਦ ਬਾਥਰੂਮਾਂ ਦੀ ਸਫਾਈ, ਭਾਂਡੇ ਮਾਂਜਣ ਦੀ ਸੇਵਾ, ਕੀਰਤ ਸੁਣਨ ਦੀ ਸੇਵਾ, ਨੀਤ ਨੇਮ ਕਰਨ ਦੀ ਸੇਵਾ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ।

ਸੁਖਬੀਰ ਸਿੰਘ ਬਾਦਲ ਪੈਰ ਦੇ ਅੰਗੂਠੇ ਵਿੱਚ ਫਰੈਕਚਰ ਕਾਰਨ ਚੱਲ ਨਹੀਂ ਸਕਦੇ ਅਤੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਜੋ ਕਿ ਬਜ਼ੁਰਗ ਹਨ, ਇੱਕ ਘੰਟਾ ਵ੍ਹੀਲ ਚੇਅਰ ‘ਤੇ ਬੈਠ ਕੇ ਹਰਿਮੰਦਰ ਸਾਹਿਬ ਦੇ ਗੇਟ ‘ਤੇ ਪਹਿਰਾ ਦੇਣਗੇ। ਇਸ ਤੋਂ ਇਲਾਵਾ ਹੋਰ ਆਗੂ ਇੱਕ ਘੰਟਾ ਹਰਿਮੰਦਰ ਸਾਹਿਬ ਵਿਚ ਬਾਥਰੂਮਾਂ ਦੀ ਸਫ਼ਾਈ ਕਰਨਗੇ। ਜਿਨ੍ਹਾਂ ਆਗੂਆਂ ਨੂੰ ਤਨਖ਼ਾਹ ਦਿੱਤੀ ਗਈ ਹੈ, ਉਹ ਆਪਣੀ ਤਨਖ਼ਾਹ (ਸਜ਼ਾ) ਦੌਰਾਨ ਗਲੇ ਵਿੱਚ ਇਸ ਸਬੰਧੀ ਤਖ਼ਤੀ ਲਟਕਾਉਣਗੇ।

ਸੁਖਬੀਰ ਬਾਦਲ ਅਤੇ ਸੁਖਦੇਵ ਢੀਂਡਸਾ ਤੋਂ ਇਲਾਵਾ ਹੋਰ ਆਗੂ ਵੀ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਧੋਣਗੇ। ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਦੇ ਜੁਰਮ ਕਬੂਲ ਕਰਕੇ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਜਥੇਦਾਰ ਸਾਹਿਬ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਬਾਗੀ ਅਤੇ ਦਾਗੀ ਆਗੂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।