ਹਾਈਕੋਰਟ ਨੇ ਸ਼ੰਭੂ-ਖਨੌਰੀ ਬਾਰਡਰ ਖੋਲ੍ਹਣ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ

ਡੈਸਕ- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੰਭੂ-ਖਨੌਰੀ ਸਰਹੱਦ ਨੂੰ ਖੋਲ੍ਹਣ ਲਈ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੰਗਲਵਾਰ ਨੂੰ ਹਾਈਕੋਰਟ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ‘ਚ ਵਿਚਾਰ ਅਧੀਨ ਹੈ। ਉਨ੍ਹਾਂ ਪਟੀਸ਼ਨਰ ਨੂੰ ਸੁਪਰੀਮ ਕੋਰਟ ਵਿੱਚ ਜਾ ਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ। ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ। ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਦੇ ਵਕੀਲ ਹਾਜ਼ਰ ਸਨ। ਇਸ ਤੋਂ ਪਹਿਲਾਂ ਕੱਲ੍ਹ ਸੁਪਰੀਮ ਕੋਰਟ ਨੇ ਵੀ ਸਰਹੱਦ ਖੋਲ੍ਹਣ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ।

ਹਰਿਆਣਾ-ਪੰਜਾਬ ਦੀ ਖਨੌਰੀ ਬਾਰਡ ‘ਤੇ ਕਿਸਾਨਾਂ ਦਾ ਚੁੱਲਾ ਅੱਜ ਨਹੀਂ ਬਲੇਗਾ। ਇੱਥੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਸਾਰੇ ਕਿਸਾਨ ਇੱਕ ਦਿਨ ਦੀ ਭੁੱਖ ਹੜਤਾਲ ‘ਤੇ ਹਨ। ਇਸ ਦੌਰਾਨ ਕਿਸਾਨਾਂ ਨੇ ਨੇੜਲੇ ਪਿੰਡਾ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਲੰਗਰ ਨਾ ਲੈ ਕੇ ਆਉਣ ਦੀ ਗੱਲ੍ਹ ਕਹੀ ਗਈ ਹੈ। ਸ਼ੰਭੂ ਬਾਰਡਰ ‘ਤੇ ਕਿਸਾਨ ਆਗੂਆਂ ਦੀ ਮੀਟਿੰਗ ਹੋ ਰਹੀ ਹੈ, ਜਿਸ ‘ਚ ਦਿੱਲੀ ਵੱਲ ਮਾਰਚ ਕਰਨ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਸ਼ਾਮ ਨੂੰ ਕਿਸਾਨ ਆਗੂ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਨਗੇ। ਕਿਸਾਨ ਆਗੂ ਸਰਵਨ ਪੰਧੇਰ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 15ਵਾਂ ਦਿਨ ਹੈ। ਉਨ੍ਹਾਂ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਮੋਰਚੇ ਦੀ ਸਟੇਜ ਤੇ ਵੀ ਆਉਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਹਲਾਂਕਿ ਡੱਲੇਵਾਲ ਅੱਜ ਮਦਦ ਨਾਲ ਮੋਰਚੇ ਦੀ ਸਟੇਜ ‘ਤੇ ਪਹੁੰਚੇ ਹਨ।

ਮੰਗਲਵਾਰ ਨੂੰ ਸਵੇਰੇ ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਸਫਾਈ ਮੁਹਿੰਮ ਚਲਾਈ। ਜਿਸ ਤੋਂ ਬਾਅਦ ਕਿਸਾਨ ਆਗੂ ਸਰਵਨ ਪੰਧੇਰ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਦਾਗੇ ਗਏ ਹੰਝੂ ਗੈਸ ਦੇ ਗੋਲੇ ਅਜੇ ਵੀ ਆਪਣਾ ਅਸਰ ਦਿਖਾ ਰਹੇ ਹਨ। ਕਿਸਾਨਾਂ ਨੇ ਸਫਾਈ ਮੁੰਹਿਮ ਰਾਹੀਂ ਬਾਰਡਰ ‘ਤੇ ਫੈਲੀ ਗੰਦਗੀ ਨੂੰ ਸਾਫ਼ ਕੀਤਾ ਗਿਆ ਹੈ।