ਕਿਸਾਨਾਂ ਵੱਲੋਂ ਫਾਸਫੋਰਸ ਦੀ ਕੁਸ਼ਲ ਅਤੇ ਪ੍ਰਭਾਵਸ਼ਾਲੀ ਵਰਤੋਂ ਜ਼ਰੂਰੀ : ਤਿਵਾੜੀ

ਲੁਧਿਆਣਾ : ਹਾੜੀ 2021-22 ਦੀਆਂ ਫ਼ਸਲਾਂ ਲਈ ਵਿਸ਼ੇਸ਼ਕਰ ਡਾਈ ਅਮੋਨੀਅਮ ਫਾਸਫੇਟ ਦੀ ਕੁਸ਼ਲ ਅਤੇ ਪ੍ਰਭਾਵਸ਼ਾਲੀ ਵਰਤੋਂ ਸੰਬੰਧੀ ਇਕ ਮੀਟਿੰਗ ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਵਿਖੇ ਆਯੋਜਿਤ ਕੀਤੀ ਗਈ ਜਿਸ ਵਿਚ ਵਧੀਕ ਮੁੱਖ ਸਕੱਤਰ (ਵਿਕਾਸ) ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਅਨਿਰੁਧ ਤਿਵਾੜੀ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ੍ਰੀ ਤਿਵਾੜੀ ਨੇ ਕਿਸਾਨਾਂ ਨੂੰ ਫਾਸਫੋਰਸ ਦੀ ਸੁਚੱਜੀ ਵਰਤੋਂ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਮੁੱਢਲੀਆਂ ਲਾਗਤਾਂ ‘ਤੇ ਕਟੌਤੀ ਕਰਨੀ ਚਾਹੀਦੀ ਹੈ ਅਤੇ ਖੇਤੀ ਨੂੰ ਹੋਰ ਲਾਹੇਵੰਦ ਬਨਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।

ਭੂਮੀ ਵਿਗਿਆਨ ਦੇ ਮੁਖੀ ਡਾ. ਓ ਪੀ ਚੌਧਰੀ ਨੇ ਆਪਣੀ ਪੇਸ਼ਕਾਰੀ ਦੇ ਵਿਚ ਦੱਸਿਆ ਕਿ ਫਾਸਫੋਰਸ ਦੀ ਜ਼ਿਆਦਾ ਵਰਤੋਂ ਦੇ ਨਾਲ ਜ਼ਿੰਕ ਦੀ ਮਿੱਟੀ ਵਿਚ ਥੁੜ ਮਹਿਸੂਸ ਹੋਣ ਲੱਗਦੀ ਹੈ । ਉਹਨਾਂ ਦੱਸਿਆ ਕਿ ਪੰਜਾਹ ਦੇ ਦਹਾਕੇ ਤੋਂ ਹੁਣ ਤੱਕ ਕਾਰਬਨ ਮਾਦਾ ਮਿੱਟੀ ਵਿਚ ਵਧਿਆ ਹੈ ਅਤੇ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ ਦਾ ਨਿਰੀਖਣ ਜ਼ਰੂਰ ਕਰਾਉਣਾ ਚਾਹੀਦਾ ਹੈ। ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਜੀ ਐੱਸ ਕੋਚਰ ਨੇ ਫਾਸਫੋਰਸ ਲਿਪਤ ਬਾਇਓ ਖਾਦਾਂ ਤੇ ਪੇਸ਼ਕਾਰੀ ਦਿੱਤੀ ਅਤੇ ਦੱਸਿਆ ਕਿ ਵਿਭਾਗ ਵੱਲੋਂ ਇਸ ਦੀ ਸਿਫ਼ਾਰਸ਼ 2015 ਤੋਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਬਾਇਓ ਖਾਦਾਂ ਕਣਕ, ਮੱਕੀ ਅਤੇ ਗੰਨੇ ਲਈ ਸਿਫ਼ਾਰਸ਼ ਕੀਤੀਆਂ ਗਈਆਂ ਹਨ।

ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾ. ਬਲਦੇਵ ਸਿੰਘ ਨੇ ਸਾਲ 2020-21 ਦੌਰਾਨ ਖਾਦਾਂ ਦੀ ਲੋੜ ਅਤੇ ਟੀਚੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਵੱਖ-ਵੱਖ ਫਸਲਾਂ ਵਿਚ ਫਾਸਫੋਰਸ ਦੀ ਲੋੜ ਸੰਬੰਧੀ ਚਾਨਣਾ ਪਾਇਆ। ਹਾੜੀ 2021-22 ਦੌਰਾਨ ਇਸ ਖੇਤਰ ਦੇ ਰਕਬੇ ਨੂੰ 3 ਲੱਖ ਏਕੜ ਤੱਕ ਵਧਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਅੰਤ ਵਿੱਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜਿੰਦਰ ਸਿੱਧੂ ਨੇ ਕਹੇ । ਇਸ ਮੀਟਿੰਗ ਦੌਰਾਨ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਸੁਖਦੇਵ ਸਿੰਘ ਸਿੱਧੂ, ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸ਼ਾਮਿਲ ਸਨ।

ਟੀਵੀ ਪੰਜਾਬ ਬਿਊਰੋ