ਲੁਧਿਆਣਾ : ਪੀ.ਏ.ਯੂ. ਦੀ ਵਿਦਿਆਰਥਣ ਸਾਇਸ਼ਾ ਖੰਨਾ ਨੂੰ ਮਾਣਮੱਤੀ ਏਰਿਸਮਸ ਮੁੰਡਸ ਸਕਾਲਰਸ਼ਿਪ ਨਾਲ ਨਿਵਾਜ਼ਿਆ ਗਿਆ ਹੈ । ਇਹ ਸਕਾਲਰਸ਼ਿਪ ਪੌਦਿਆਂ ਦੀ ਸਿਹਤ ਸੰਬੰਧੀ ਯੂਰਪੀਅਨ ਕਮਿਸ਼ਨ ਦੇ ਵਿਸ਼ੇਸ਼ ਪ੍ਰੋਜੈਕਟ ਤਹਿਤ ਦਿੱਤੀ ਜਾ ਰਹੀ ਹੈ । ਇਸ ਪ੍ਰੋਗਰਾਮ ਅਨੁਸਾਰ ਵਿਦਿਆਰਥਣ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਕੰਪਨੀ ਜਾਂ ਯੂਨੀਵਰਸਿਟੀ ਤੋਂ ਮਾਸਟਰਜ਼ ਥੀਸਸ ਦੀ ਪੜਾਈ ਜਾਰੀ ਰੱਖ ਸਕੇਗੀ ।
ਇਸ ਪ੍ਰੋਗਰਾਮ ਦੇ ਪਹਿਲੇ ਤਿੰਨ ਸਮੈਸਟਰ ਯੂਰਪ ਦੀਆਂ ਪ੍ਰਸਿੱਧ ਚਾਰ ਯੂਨੀਵਰਸਿਟੀਆਂ ਜੋ ਸਪੇਨ ਅਤੇ ਫਰਾਂਸ ਵਿਚ ਹਨ ਤੋਂ ਆਪਣੀ ਪੜਾਈ ਕਰ ਸਕੇਗੀ । ਇਹ ਪ੍ਰੋਗਰਾਮ ਸਤੰਬਰ 2021 ਤੋਂ ਆਰੰਭ ਹੋਵੇਗਾ । ਇਸ ਸਕਾਲਰਸ਼ਿਪ ਲਈ ਭਾਰਤ ਤੋਂ ਚੁਣੇ ਜਾਣ ਵਾਲੇ 19 ਵਿਦਿਆਰਥੀਆਂ ਵਿਚੋਂ ਕੁਮਾਰੀ ਸਾਇਸ਼ਾ ਇਕਲੌਤੀ ਵਿਦਿਆਰਥਣ ਹੈ ਜੋ ਪੌਦਾ ਸਿਹਤ ਅਤੇ ਸਥਿਰ ਫਸਲ ਪ੍ਰਬੰਧ ਦੇ ਖੇਤਰ ਵਿਚ ਇਸ ਸਕਾਲਰਸ਼ਿਪ ਨਾਲ ਨਿਵਾਜ਼ੀ ਜਾਵੇਗੀ ।
ਇਸ ਸਕਾਲਰਸ਼ਿਪ ਵਿਚ 45 ਲੱਖ ਰੁਪਏ ਦੀ ਰਾਸ਼ੀ ਹੋਵੇਗੀ ਜਿਸ ਵਿਚ ਵਿਦਿਆਰਥਣ ਦਾ ਬੀਮਾ, ਯਾਤਰਾ ਖਰਚੇ, ਰਿਹਾਇਸ਼ ਤੇ ਖਰਚੇ, ਸਪੈਨਿਸ਼ ਅਤੇ ਫਰੈਂਚ ਭਾਸ਼ਾਵਾਂ ਸਿੱਖਣ ਦੇ ਖਰਚੇ ਅਤੇ ਟਿਊਸ਼ਨ ਫੀਸ ਸ਼ਾਮਿਲ ਹੋਵੇਗੀ । ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਅਨਿਰੁਧ ਤਿਵਾੜੀ, ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ.ਪੀ. ਐੱਸ ਪੰਨੂ ਨੇ ਕੁਮਾਰੀ ਸਾਇਸ਼ਾ ਖੰਨਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਟੀਵੀ ਪੰਜਾਬ ਬਿਊਰੋ