Alberta ‘ਚ ਵੱਧ ਰਹੇ ਨੇ ਕੋਰੋਨਾ ਮਾਮਲੇ

Vancouver – ਐਲਬਰਟਾ ‘ਚ ਵੱਧ ਰਹੇ ਕੋਰੋਨਾ ਦੇ ਮਾਮਲੇ ਲਗਾਤਾਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਮਾਹਿਰਾਂ ਵੱਲੋਂ ਇਸ ਬਾਰੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਹੈ। ਐਲਬਰਟਾ ‘ਚ ਕੋਰੋਨਾ ਵਾਇਰਸ ਦੇ ਹਾਲਾਤਾਂ ਲਈ ਮਾਹਿਰਾਂ ਨੇ ਸੂਬਾ ਸਰਕਾਰ ਨੂੰ ਜਿੰਮੇਵਾਰ ਦੱਸਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਐਲਬਰਟਾ ‘ਚ ਸਥਿਤੀ ਹੋਰ ਵੀ ਗੰਭੀਰ ਇਸ ਕਰਕੇ ਹੋਈ ਹੈ ਕਿਉਂਕਿ ਪ੍ਰੀਮੀਅਰ ਜੇਸਨ ਕੈਨੀ ਅਤੇ ਚੀਫ਼ ਮੈਡਿਕਲ ਔਫ਼ਿਸਰ ਔਫ਼ ਹੈਲਥ ਡਾ ਦੀਨਾ ਹਿੰਸ਼ਾ, ਕੋਵਿਡ ਕੇਸਾਂ ਵਿਚ ਵਾਧੇ ਅਤੇ ਹਸਪਤਾਲ ਵਿਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧੇ ਦੇ ਬਾਵਜੂਦ ਰੋਕਾਂ ਲਗਾਉਣ ਅਤੇ ਬਣਦੇ ਉਪਾਅ ਲਾਗੂ ਕਰਨ ਵਿਚ ਨਾਕਾਮ ਰਹੇ ਹਨ।
ਮਈ ਮਹੀਨੇ ਵਿਚ ਕੈਨੀ ਨੇ ਐਲਬਰਟਾ ਵਾਸਿਆਂ ਨਾਲ ’ਬੈਸਟ ਸਮਰਜ਼’ ਦਾ ਵਾਅਦਾ ਕਰਦਿਆਂ ਤਿੰਨ ਪੜਾਅ ਵਾਲੇ ਰੀਉਪਨਿੰਗ ਪਲਾਨ ਦਾ ਐਲਾਨ ਕੀਤਾ ਸੀ। ਇਸ ਅਧੀਨ 1 ਜੁਲਾਈ ਤੱਕ ਸੂਬੇ ਵਿਚ ਸਾਰੀਆਂ ਰੋਕਾਂ ਹਟਾਏ ਜਾਣਾ ਸ਼ਾਮਲ ਸੀ। ਫ਼ਿਰ ਜੁਲਾਈ ਮਹੀਨੇ ਦੇ ਅੰਤ ਵਿਚ ਡਾ ਹਿੰਸ਼ਾ ਨੇ ਐਲਾਨ ਕੀਤਾ ਸੀ ਕਿ ਅਗਸਤ ਮਹੀਨੇ ਵਿਚ ਲਾਜ਼ਮੀ ਇਕਾਂਤਵਾਸ ਅਤੇ ਕੌਨਟੈਕਟ ਟ੍ਰੇਸਿੰਗ ਨੂ ਵੀ ਬੰਦ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਸੂਬੇ ਵਿਚ ਕਈ ਮਾਹਰਾਂ ਨੇ ਇਸ ਐਲਾਨ ਨੂੰ ਗਲਤ ਦੱਸਿਆ ਸੀ।
ਦੱਸ ਦਈਏ ਕਿ ਐਲਬਰਟਾ ਵਿਚ ਜ਼ਿਆਦਾਤਰ ਕੋਵਿਡ ਦੇ ਨਵੇਂ ਮਾਮਲੇ ਬਗ਼ੈਰ ਵੈਕਸੀਨ ਵਾਲੇ ਲੋਕਾਂ ਵਿਚ ਰਿਪੋਰਟ ਹੋਏ ਹਨ ਅਤੇ ਕਿਉਂਕਿ ਡੈਲਟਾ ਵੇਰੀਐਂਟ ਦਾ ਸਿਹਤ ‘ਤੇ ਵਧੇਰੇ ਗੰਭੀਰ ਪ੍ਰਭਾਵ ਹੁੰਦਾ ਹੈ। 1 ਜੁਲਾਈ ਨੂੰ ਐਲਬਰਟਾ ਵਿਚ ਕੋਵਿਡ ਦੇ 1,005 ਐਕਟਿਵ ਕੇਸ ਸਨ, 165 ਮਰੀਜ਼ ਹਸਪਤਾਲ ਵਿਚ ਸਨ ਅਤੇ ਟੈਸਟ ਪੌਜ਼ਿਟਿਵਿਟੀ ਰੇਟ 1.17 % ਸੀ। 1 ਅਗਸਤ ਨੂੰ , ਡਾ ਹਿੰਸ਼ਾ ਵੱਲੋਂ ਕੀਤੇ ਐਲਾਨ ਤੋਂ ਕੁਝ ਦਿਨਾਂ ਬਾਅਦ ਹੀ, ਐਲਬਰਟਾ ਵਿਚ ਕੋਵਿਡ ਦੇ 1,655 ਐਕਟਿਵ ਕੇਸ ਸਨ, 90 ਮਰੀਜ਼ ਹਸਪਤਾਲ ਵਿਚ ਸਨ ਅਤੇ ਟੈਸਟ ਪੌਜ਼ਿਟਿਵਿਟੀ ਰੇਟ 2.39 % ਸੀ। 1 ਸਤੰਬਰ ਨੂੰ ਸੂਬੇ ਵਿਚ ਕੋਵਿਡ ਦੇ 12,290 ਐਕਟਿਵ ਕੇਸ ਸਨ, 465 ਮਰੀਜ਼ ਹਸਪਤਾਲ ਵਿਚ ਸਨ ਅਤੇ ਟੈਸਟ ਪੌਜ਼ਿਟਿਵਿਟੀ ਰੇਟ 10.8 % ਦਰਜ ਹੋਇਆ। ਕੁਲ ਮੌਤਾਂ ਦੀ ਗਿਣਤੀ ਵੀ ਵਧ ਕੇ 2,383 ਦਰਜ ਹੋਈ ਸੀ।