ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੀ ਸਹਿਯੋਗ ਅਤੇ ਪੰਜਾਬ ਖੇਤੀਬਾੜੀ ਵਿਭਾਗ ਨਾਲ ਸਾਂਝੇ ਤੌਰ ‘ਤੇ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਬਾਰੇ ਬਲਾਕ ਪੱਖੋਵਾਲ ਦੇ ਪਿੰਡ ਘੁੰਗਰਾਣਾ ਵਿਚ ਖੇਤ ਦਿਵਸ ਮਨਾਇਆ ਗਿਆ। ਇਸ ਵਿਚ 70 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬੀਆਂ ਸ਼ਾਮਿਲ ਹੋਏ।
ਆਰੰਭ ਵਿਚ ਡਾ. ਲਖਵਿੰਦਰ ਕੌਰ ਨੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਸਿੱਧੀ ਬਿਜਾਈ ਨੂੰ ਪਾਣੀ ਬਚਾਉਣ ਵਾਲੀ ਤਕਨੀਕ ਕਿਹਾ। ਉਹਨਾਂ ਦੱਸਿਆ ਕਿ ਇਸ ਖੇਤ ਦਿਵਸ ਦਾ ਉਦੇਸ਼ ਕਿਸਾਨਾਂ ਨੂੰ ਸਿੱਧੀ ਬਿਜਾਈ ਵਾਲੇ ਝੋਨੇ ਪ੍ਰਤੀ ਜਾਗਰੂਕ ਅਤੇ ਉਤਸ਼ਾਹਿਤ ਕਰਨਾ ਹੈ। ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਵਰਤਮਾਨ ਮੌਸਮੀ ਹਾਲਾਤ ਬਾਰੇ ਗੱਲ ਕੀਤੀ ਅਤੇ ਪੀ.ਏ.ਯੂ. ਦੇ ਪਸਾਰ ਤਰੀਕਿਆਂ ‘ਤੇ ਚਾਨਣਾ ਪਾਇਆ।
ਫਸਲ ਵਿਗਿਆਨੀ ਡਾ. ਜਗਰੂਪ ਕੌਰ ਨੇ ਸਿੱਧੀ ਬਿਜਾਈ ਵਾਲੇ ਝੋਨੇ ਦੇ ਲਾਭ ਗਿਣਾਏ। ਉਹਨਾਂ ਕੁਦਰਤੀ ਸਰੋਤਾਂ ਨੂੰ ਸੰਭਾਲਣ ਬਾਰੇ ਕਿਸਾਨਾਂ ਨੂੰ ਸੁਚੇਤ ਵੀ ਕੀਤਾ। ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਕਣਕ ਦੀਆਂ ਨਵੀਆਂ ਕਿਸਮਾਂ ਦਾ ਜ਼ਿਕਰ ਕੀਤਾ।
ਖੇਤੀ ਵਿਕਾਸ ਅਧਿਕਾਰੀ ਡਾ. ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਵਿਭਾਗ ਦੀਆਂ ਗਤੀਵਿਧੀਆਂ ਸਦਕਾ ਇਸ ਸਾਲ ਸਿੱਧੀ ਬਿਜਾਈ ਹੇਠਲੇ ਰਕਬੇ ਵਿਚ ਵਾਧਾ ਹੋਇਆ ਹੈ ਜਿਸ ਨਾਲ ਪਾਣੀ ਦੀ ਬੱਚਤ ਸਫਲ ਹੋਈ ਹੈ। ਅੰਤ ਵਿਚ ਡਾ. ਸੰਤੋਸ਼ ਕੁਮਾਰ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਭਾਗ ਲੈਣ ਵਾਲਿਆਂ ਨੂੰ ਪੀ.ਏ.ਯੂ. ਦਾ ਖੇਤੀ ਸਾਹਿਤ ਵੀ ਵੰਡਿਆ ਗਿਆ।
ਟੀਵੀ ਪੰਜਾਬ ਬਿਊਰੋ