Vancouver – ਕੈਨੇਡਾ ‘ਚ ਕੋਰੋਨਾ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਸਨ, ਉਨ੍ਹਾਂ ਪਾਬੰਦੀਆਂ ਨੂੰ ਹੁਣ ਹਟਾਇਆ ਜਾ ਰਿਹਾ ਹੈ। ਸੂਬਿਆਂ ‘ਚ ਹੁਣ ਲੱਗਭਗ ਸਾਰੇ ਕਾਰੋਬਾਰ ਮੁੜ ਤੋਂ ਖੁੱਲ੍ਹ ਚੁੱਕੇ ਹਨ। ਪਹਿਲਾਂ ਦੇ ਮੁਕਾਬਲੇ ਆਰਥਿਕਤਾ ‘ਚ ਵੀ ਸੁਧਾਰ ਦੇਖਿਆ ਜਾ ਰਿਹਾ ਹੈ। ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਤੋਂ ਨੌਕਰੀਆਂ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਬੀ.ਸੀ. ਦੇ ਜੌਬਸ, ਇਕਨੌਮਿਕ ਰਿਕਵਰੀ ਅਤੇ ਇਨੋਵੇਸ਼ਨ ਮੰਤਰੀ ਰਵੀ ਕਾਹਲੋਂ ਵੱਲੋਂ ਦੱਸਿਆ ਗਿਆ ਹੈ ਕਿ ਸਟੈਟਿਸਟਿਕਸ ਕੈਨੇਡਾ ਦਾ ਲੇਬਰ ਫੋਰਸ ਸਰਵੇ ਦੱਸ ਰਿਹਾ ਹੈ ਕਿ ਅਗਸਤ ਦੇ ਮਹੀਨੇ ‘ਚ ਬੀ.ਸੀ. ਦੀ ਆਰਥਿਕਤਾ ‘ਚ 14,400 ਨੌਕਰੀਆਂ ਦਾ ਵਾਧਾ ਹੋਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚ 13,600 ਨੌਕਰੀਆਂ ਔਰਤਾਂ ਨਾਲ ਸੰਬੰਧਤ ਸਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਰੀਆਂ ਨੌਕਰੀਆਂ ਫੁੱਲ-ਟਾਈਮ ਸਨ। ਰਵੀ ਕਾਹਲੋਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਬੀ.ਸੀ. ‘ਚ ਬੇਰੁਜਗਾਰੀ ਦਰ ਕਾਫੀ ਘੱਟ ਹੈ।
ਸੂਬੇ ਦਾ ਜੌਬ ਰਿਕਵਰੀ ਰੇਟ 101.1% ਦਾ ਹੈ। ਬੀ.ਸੀ. ‘ਚ ਜੁਲਾਈ ਮਹੀਨੇ ਬੇਰੁਜਗਾਰੀ ਦਰ 6.6% ‘ਤੇ ਦਰਜ ਹੋਣ ਤੋਂ ਬਾਅਦ ਅਗਸਤ ‘ਚ ਬੇਰੁਜਗਾਰੀ ਦਰ 6.2% ‘ਤੇ ਦਰਜ ਕੀਤੀ ਗਈ।
ਦੱਸਦਈਏ ਕਿ ਸਟੈਸਟਿਸਟਿਕਸ ਕੈਨੇਡਾ ਵੱਲੋਂ ਜੋ ਨਵੇਂ ਅੰਕੜੇ ਜਾਰੀ ਕੀਤੇ ਗਏ ਉਸ ਮੁਤਾਬਕ ਕੈਨੇਡੀਅਨ ਇਕੌਨਮੀ ਵਿਚ ਬੀਤੇ ਅਗਸਤ ਮਹੀਨੇ ਦੌਰਾਨ 90,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਹਨ। ਲਗਾਤਾਰ ਅਗਸਤ ਅਜਿਹਾ ਤੀਸਰਾ ਮਹੀਨਾ ਹੈ ਜਿੱਥੇ ਨਵੀਆਂ ਨੌਕਰੀਆਂ ਪੈਦਾ ਹੋਣ ਦਾ ਸਿਲਸਿਲਾ ਜਾਰੀ ਰਿਹਾ। ਜੁਲਾਈ ਮਹੀਨੇ ਦੌਰਾਨ ਬੇਰੋਜ਼ਗਾਰੀ ਦਰ 7.5 ਫ਼ੀਸਦੀ ਸੀ। ਇਸ ਦੇ ਮੁਕਾਬਲੇ ਅਗਸਤ ਮਹੀਨੇ ਬੇਰੁਜ਼ਗਾਰੀ ਦਰ ਘਟ ਕੇ 7.1 % ਦਰ ਹੋਈ। ਇਥੇ ਧਿਆਨਦੇਣਯੋਗ ਹੈ ਕਿ ਕੋਵਿਡ ਦੀ ਸ਼ੁਰੂਆਤ ਤੋਂ ਬਾਅਦ ਅਗਸਤ ਮਹੀਨੇ ਦੀ ਬੇਰੁਜ਼ਗਾਰੀ ਦਰ ਸਭ ਤੋਂ ਘੱਟ ਦਰਜ ਹੋਈ ਹੈ।
ਅਗਸਤ ਮਹੀਨੇ ਦੌਰਾਨ ਪੈਦਾ ਹੋਈਆਂ ਜ਼ਿਆਦਾਤਰ ਨਵੀਆਂ ਨੌਕਰੀਆਂ ‘ਚ ਫ਼ੁਲ-ਟਾਇਮ ਨੌਕਰੀਆਂ ਹਨ। ਨੌਕਰੀਆਂ ਦੇ ਮਾਮਲੇ ਵਿਚ ਹੋਟਲ ਅਤੇ ਫ਼ੂਡ ਸੈਕਟਰ ਮੋਹਰੀ ਰਿਹਾ ਹੈ। ਨਵੀਆਂ ਨੌਕਰੀਆਂ ਦੇ ਮਾਮਲੇ ‘ਚ ਰਿਟੇਲ ਅਤੇ ਫ਼ੂਡ ਸੇਵਾਵਾਂ ਵਰਗੇ ਖੇਤਰ ਅਜੇ ਵੀ ਪਿੱਛੇ ਹਨ।