IND Vs AUS: ਭਾਰਤ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਵੱਡਾ ਝਟਕਾ, ਪਹਿਲੇ ਟੈਸਟ ‘ਚ ਨਹੀਂ ਖੇਡਣਗੇ ਮਿਸ਼ੇਲ ਸਟਾਰਕ

ਭਾਰਤ ਦੇ ਦੌਰੇ ‘ਤੇ 9 ਫਰਵਰੀ ਤੋਂ ਸ਼ੁਰੂ ਹੋ ਰਹੀ ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਾ ਹੈ। ਅਨੁਭਵੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਪੁਸ਼ਟੀ ਕੀਤੀ ਹੈ ਕਿ ਉਹ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਲਈ ਫਿੱਟ ਨਹੀਂ ਹੈ।

ਸਟਾਰਕ ਨੇ ਆਸਟ੍ਰੇਲੀਆ ਕ੍ਰਿਕਟ ਐਵਾਰਡ 2023 ਸਮਾਰੋਹ ਦੌਰਾਨ ਆਪਣੀ ਫਿਟਨੈੱਸ ‘ਤੇ ਅਪਡੇਟ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਸੀਰੀਜ਼ ਦੇ ਪਹਿਲੇ ਟੈਸਟ ਮੈਚ ‘ਚ ਨਹੀਂ ਖੇਡ ਸਕਣਗੇ। ਸਟਾਰਕ ਨੇ ਕਿਹਾ, ”ਮੈਂ ਵਾਪਸੀ ਦੇ ਰਾਹ ‘ਤੇ ਹਾਂ…ਅਜੇ ਕੁਝ ਹਫਤੇ ਅਤੇ ਫਿਰ ਸ਼ਾਇਦ ਦਿੱਲੀ ‘ਚ ਲੋਕਾਂ ਨੂੰ ਮਿਲਾਂਗਾ…ਉਮੀਦ ਹੈ ਕਿ ਅਸੀਂ ਪਹਿਲਾ ਟੈਸਟ ਜਿੱਤ ਸਕਾਂਗੇ…ਮੈਂ ਇਸ ਲਈ ਸਿਖਲਾਈ ਲੈ ਰਿਹਾ ਹਾਂ।

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਮੈਚ ਨਾਗਪੁਰ ‘ਚ 9 ਤੋਂ 13 ਫਰਵਰੀ ਤੱਕ ਖੇਡਿਆ ਜਾਣਾ ਹੈ। ਇਸ ਤੋਂ ਬਾਅਦ ਦੋਵੇਂ ਟੀਮਾਂ 17 ਤੋਂ 21 ਫਰਵਰੀ ਤੱਕ ਨਵੀਂ ਦਿੱਲੀ ‘ਚ ਦੂਜਾ ਟੈਸਟ ਮੈਚ ਖੇਡਣਗੀਆਂ ਅਤੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਸਟਾਰਕ ਦਿੱਲੀ ਟੈਸਟ ‘ਚ ਖੇਡ ਸਕਣਗੇ ਜਾਂ ਨਹੀਂ।

ਸਟਾਰਕ ਨੂੰ ਪਿਛਲੇ ਮਹੀਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਦੌਰਾਨ ਉਂਗਲੀ ‘ਤੇ ਸੱਟ ਲੱਗ ਗਈ ਸੀ। ਉਹ ਦੂਜੇ ਟੈਸਟ ਮੈਚ ਦੌਰਾਨ ਜ਼ਖਮੀ ਉਂਗਲੀ ਨਾਲ ਗੇਂਦਬਾਜ਼ੀ ਕਰਦਾ ਰਿਹਾ। ਉਹ ਸੀਰੀਜ਼ ਦਾ ਆਖਰੀ ਮੈਚ ਨਹੀਂ ਖੇਡ ਸਕਿਆ ਸੀ। ਸੀਨੀਅਰ ਤੇਜ ਸਟਾਰਕ ਭਾਰਤ ਦੌਰੇ ਲਈ ਆਸਟ੍ਰੇਲੀਅਨ ਟੀਮ ਦਾ ਹਿੱਸਾ ਬਣੇ ਹੋਏ ਹਨ ਅਤੇ ਆਸਟ੍ਰੇਲੀਆ ਨੂੰ ਉਮੀਦ ਹੈ ਕਿ ਉਹ ਸੀਰੀਜ਼ ‘ਚ ਅਹਿਮ ਭੂਮਿਕਾ ਨਿਭਾਏਗਾ।

ਸਟਾਰਕ ਤੋਂ ਇਲਾਵਾ ਕੈਮਰਨ ਗ੍ਰੀਨ ਦੀ ਉਪਲਬਧਤਾ ਵੀ ਤੈਅ ਨਹੀਂ ਜਾਪਦੀ। ਉਹ ਉਂਗਲੀ ਦੀ ਸੱਟ ਨਾਲ ਜੂਝ ਰਿਹਾ ਹੈ। ਹਰਫਨਮੌਲਾ ਗ੍ਰੀਨ ਬੱਲੇਬਾਜ਼ੀ ਲਈ ਫਿੱਟ ਹੈ ਪਰ ਸਵਾਲ ਹਨ ਕਿ ਕੀ ਉਹ ਗੇਂਦ ਨਾਲ ਕਾਫੀ ਯੋਗਦਾਨ ਪਾ ਸਕਣਗੇ।