ਅਮਰੀਕਾ ਅਤੇ ਇੰਗਲੈਂਡ ’ਚ ਕੋਵਿਡ ਦੇ ਨਵੇਂ ਵੇਰੀਐਂਟ ਨੇ ਪਸਾਰੇ ਪੈਰ, ਜਾਣੋ ਕੀ ਹਨ ਇਸ ਦੇ ਲੱਛਣ

Washington- ਦੁਨੀਆ ਦੇ ਕਈ ਦੇਸ਼ਾਂ ’ਚ ਕੋਵਿਡ ਦੇ ਇੱਕ ਨਵੇਂ ਵੇਰੀਐਂਟ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵੇਰੀਐਂਟ ਨੂੰ EG.5  ਜਾਂ ਏਰਿਸ ਕਿਹਾ ਜਾਂਦਾ ਹੈ ਅਤੇ ਇਹ ਓਮਿਕਰੋਨ ਦਾ ਵੰਸ਼ਜ ਹੈ। ਇਹ ਵਾਇਰਸ ਇਸ ਸਮੇਂ ਤੇਜ਼ੀ ਨਾਲ ਅਮਰੀਕਾ ਅਤੇ ਇੰਗਲੈਂਡ ’ਚ ਫੈਲ ਰਿਹਾ ਹੈ। ਇੰਗਲੈਂਡ ਦੀ ਸਿਹਤ ਸੁਰੱਖਿਆ ਏਜੰਸੀ (UKHSA) ਮੁਤਾਬਕ ਏਰਿਸ ਯੂ. ਦੇ. ਦੀ ਆਬਾਦੀ ਨੂੰ ਪ੍ਰਭਾਵਿਤ ਕਰਨ ਵਾਲਾ ਦੂਜਾ ਸਭ ਤੋਂ ਆਮ ਕਿਸਮ ਦਾ ਵਾਇਰਸ ਹੈ ਅਤੇ ਇਹ 20 ਜੁਲਾਈ ਤੱਕ ਇਹ ਦੇਸ਼ ’ਚ 14.55 ਫ਼ੀਸਦੀ ਮਾਮਲਿਆਂ ਲਈ ਜ਼ਿੰਮੇਵਾਰ ਹਨ। ਇੰਨਾ ਨਹੀਂ, ਇੰਗਲੈਂਡ ਪ੍ਰਤੀ ਹਫ਼ਤੇ ਏਰਿਸ ਨਾਲ ਸਬੰਧਿਤ ਮਾਮਲੇ 20.51 ਫ਼ੀਸਦੀ ਦੀ ਦਰ ਨਾਲ ਵੱਧ ਰਹੇ ਹਨ।
ਉੱਥੇ ਹੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਸ਼ਨ (CDC) ਦਾ ਕਹਿਣਾ ਹੈ ਕਿ ਅਮਰੀਕਾ ’ਚ ਪਿਛਲੇ 5 ਅਗਸਤ ਤੱਕ ਏਰਿਸ ਨਾਲ ਸਬੰਧਿਤ 17.3 ਫ਼ੀਸਦੀ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਅਤੇ ਇੰਗਲੈਂਡ ਦੋਹਾਂ ਦੇਸ਼ਾਂ ’ਚ ਇਸ ਸਮੇਂ ਗਰਮੀਆਂ ’ਚ ਇਸ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਅਮਰੀਕਾ ਦੀ ਤਾਂ ਇੱਥੇ 22 ਜੁਲਾਈ ਤੱਕ ਹਸਪਤਾਲ ’ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਦਰ 12.1 ਫ਼ੀਸਦੀ ਵਧੀ ਹੈ। ਉੱਥੇ ਹੀ ਇੰਗਲੈਂਡ ’ਚ 29 ਜੁਲਾਈ ਤੱਕ ਇਹ ਅੰਕੜਾ 40.7 ਫ਼ੀਸਦੀ ਤੋਂ ਪਾਰ ਹੋ ਗਿਆ ਹੈ, ਜਿਹੜਾ ਕਿ ਚਿੰਤਾ ਦਾ ਇੱਕ ਵਿਸ਼ਾ ਹੈ। ਅਮਰੀਕਾ ਦੇ ਨਾਲ ਲੱਗਦੇ ਦੇਸ਼ ਕੈਨੇਡਾ ’ਚ ਇਸ ਵਾਇਰਸ ਨਾਲ ਸਬੰਧਿਤ ਅਜੇ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਇੱਥੇ ਵੀ ਇਹ ਵਾਇਰਸ ਪੈਰ ਪਸਾਰ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਕੋਰੋਨਾ ਇਸ ਨਵੇਂ ਵੇਰੀਏਂਟ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਕੀ ਹਨ ਏਰਿਸ ਦੇ ਲੱਛਣ

ਨੱਕ ਦਾ ਵਗਣਾ
ਸਿਰ ਦਰਦ
ਥਕਾਵਟ
ਛਿੱਕਾਂ ਆਉਣੀਆਂ
ਗਲਾ ਖ਼ਰਾਬ ਹੋਣਾ
ਖੰਘ
ਸੁੰਘਣ ਦੀ ਭਾਵਨਾ ’ਚ ਤਬਦੀਲੀ