ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਯੂਨੀਵਰਸਿਟੀ ਨਾਲ ਸੰਬੰਧਤ ਰੁੱਖ ਲਾਉਣ ਵਾਲੇ ਕਿਸਾਨਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਦਾ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੇ ਉਦਘਾਟਨ ਮੌਕੇ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਖੇਤੀ ਜੰਗਲਾਤ ਅਤੇ ਰੁੱਖ ਲਾਉਣਾ ਹੁਣ ਬਕਾਇਦਾ ਇਕ ਕਿੱਤੇ ਵਜੋਂ ਵਿਕਸਿਤ ਹੋ ਚੁੱਕਾ ਹੈ ।
ਇਹ ਨਾ ਸਿਰਫ਼ ਖੇਤੀ ਵਿਭਿੰਨਤਾ ਲਈ ਸਹਾਈ ਹੋ ਰਿਹਾ ਹੈ ਬਲਕਿ ਇਸ ਨਾਲ ਵਾਤਾਵਰਨ ਵਿਚ ਵਿਆਪਕ ਤਬਦੀਲੀਆਂ ਲਿਆਉਣ ਦੀ ਦਿਸ਼ਾ ਵਿਚ ਕਦਮ ਵੀ ਪੁੱਟੇ ਜਾ ਰਹੇ ਹਨ। ਉਹਨਾ ਕਿਹਾ ਕਿ ਇਸ ਕਿੱਤੇ ਦੀ ਵਿਗਿਆਨਕ ਜਾਣਕਾਰੀ ਪ੍ਰਾਪਤ ਕਰਕੇ ਇਸ ਨੂੰ ਲਾਭਕਾਰੀ ਬਣਾਇਆ ਜਾ ਸਕਦਾ ਹੈ।
ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਸੰਜੀਵ ਚੌਹਾਨ ਨੇ ਖੇਤੀ ਜੰਗਲਾਤ ਦੇ ਵਿਕਾਸ ਵਿਚ ਸਹਾਈ ਹੋਣ ਵਾਲੇ ਜ਼ਰੂਰੀ ਨੁਕਤਿਆਂ ਬਾਰੇ ਗੱਲ ਕੀਤੀ। ਉਹਨਾਂ ਇਸ ਸੰਬੰਧ ਵਿਚ ਸਰਕਾਰੀ-ਗੈਰ ਸਰਕਾਰੀ ਯੋਜਨਾਵਾਂ ਦਾ ਖੁਲਾਸਾ ਵੀ ਕੀਤਾ।
ਇਸੇ ਵਿਭਾਗ ਤੋਂ ਡਾ. ਪਰਮਿੰਦਰ ਸਿੰਘ ਨੇ ਖੇਤੀ ਜੰਗਲਾਤ ਵਿਚ ਰੁੱਖਾਂ ਦੇ ਪ੍ਰਬੰਧ ਸੰਬੰਧੀ ਆਪਣਾ ਭਾਸ਼ਣ ਦਿੱਤਾ। ਡਾ. ਹਰਮੀਤ ਸਿੰਘ ਨੇ ਖੇਤੀ ਜੰਗਲਾਤ ਲਈ ਬਦਲਵੇਂ ਰੁੱਖਾਂ ਬਾਰੇ ਗੱਲ ਕੀਤੀ। ਅੰਤ ਵਿਚ ਸ੍ਰੀ ਰਵੀ ਭਲੂਰੀਆ ਨੇ ਧੰਨਵਾਦ ਦੇ ਸ਼ਬਦ ਕਹੇ।
ਟੀਵੀ ਪੰਜਾਬ ਬਿਊਰੋ