ਅਫਗਾਨਿਸਤਾਨ ਵਿਚ ਜਲਦ ਹੀ ਬਣੇਗੀ ਤਾਲਿਬਾਨ ਸਰਕਾਰ

ਕਾਬੁਲ : ਅਫਗਾਨਿਸਤਾਨ ਵਿਚ ਜਲਦ ਹੀ ਤਾਲਿਬਾਨ ਸਰਕਾਰ ਬਣਨ ਜਾ ਰਹੀ ਹੈ। ਇਸ ਦੌਰਾਨ, ਇਕ ਵੱਡੇ ਫੇਰਬਦਲ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਲਾ ਅਬਦੁਲ ਗਨੀ ਬਰਾਦਰ ਦਾ ਪੱਤਾ ਕੱਟ ਦਿੱਤਾ ਗਿਆ ਹੈ ਅਤੇ ਹੁਣ ਨਵੀਂ ਸਰਕਾਰ ਦਾ ਮੁਖੀ ਮੁੱਲਾ ਮੁਹੰਮਦ ਹਸਨ ਅਖੁੰਦ ਹੋ ਸਕਦਾ ਹੈ।

ਅਫਗਾਨ ਮੀਡੀਆ ਦੀਆਂ ਖਬਰਾਂ ਅਨੁਸਾਰ ਹਿਬਤੁੱਲਾ ਅਖੁਨਜ਼ਾਦਾ ਨੇ ਮੁੱਲਾ ਮੁਹੰਮਦ ਹਸਨ ਅਖੁੰਦ ਦੇ ਨਾਂਅ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਨੂੰ ਰਈਸ-ਏ-ਜਮਹੂਰ ਜਾਂ ਰਈਸ-ਉਲ-ਵਜਰਾ ਦਾ ਦਰਜਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਹੱਕਾਨੀ ਨੈੱਟਵਰਕ ਦੇ ਸਿਰਾਜੁਦੀਨ ਹੱਕਾਨੀ ਅਤੇ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦੇ ਪੁੱਤਰ ਮੁੱਲਾ ਯਾਕੂਬ ਵੀ ਨਵੀਂ ਸਰਕਾਰ ਵਿਚ ਸ਼ਾਮਲ ਹੋ ਸਕਦੇ ਹਨ।

ਸੂਤਰਾਂ ਨੇ ਦੱਸਿਆ ਕਿ ਸਿਰਾਜੁਦੀਨ ਹੱਕਾਨੀ ਨੂੰ ਗ੍ਰਹਿ ਮੰਤਰੀ ਅਤੇ ਮੁੱਲਾ ਯਾਕੂਬ ਨੂੰ ਰੱਖਿਆ ਮੰਤਰੀ ਬਣਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਨਵੀਂ ਸਰਕਾਰ ਦਾ ਗਠਨ ਪਿਛਲੇ ਹਫਤੇ ਹੋਣਾ ਸੀ ਪਰ ਫਿਰ ਇਸਨੂੰ ਟਾਲ ਦਿੱਤਾ ਗਿਆ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਸਰਕਾਰ ਬੁੱਧਵਾਰ ਨੂੰ ਬਣਾਈ ਜਾ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਾਲਿਬਾਨ ਨੇ ਪਾਕਿਸਤਾਨ ਸਮੇਤ 6 ਦੇਸ਼ਾਂ ਨੂੰ ਨਵੀਂ ਸਰਕਾਰ ਦੇ ਗਠਨ ਦੇ ਸੱਦੇ ਭੇਜੇ ਹਨ।

ਟੀਵੀ ਪੰਜਾਬ ਬਿਊਰੋ