ਡੈਸਕ- ਆਮ ਆਦਮੀ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਅੱਜ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਪਟਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਮੋਦੀ ਸਰਕਾਰ ‘ਤੇ ਆਪਣਾ ਗੁੱਸਾ ਕੱਢਿਆ। ਨਾਲ ਹੀ ਉਨ੍ਹਾਂ ਵਿਰੋਧੀਆਂ ‘ਤੇ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ। ਦੱਸ ਦੇਈਏ ਕਿ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਇੱਕ ਸਾਲ ਬਾਅਦ ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾਅ ਹੋਏ ਹਨ। ਈਡੀ ਨੇ ਉਨ੍ਹਾਂ ਨੂੰ ਜ਼ਮੀਨ ਘੁਟਾਲੇ ਅਤੇ ਕਥਿਤ ਬੈਂਕ ਲੋਨ ਧੋਖਾਧੜੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ‘ਤੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਬੈਂਕ ਤੋਂ ਕਰਜ਼ਾ ਲੈਣ ਦਾ ਇਲਜ਼ਾਮ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਈਡੀ ਨੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਹੀ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਸਭ ਤੋਂ ਪਹਿਲਾਂ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਵਰਕਰਾਂ ਅਤੇ ਉਨ੍ਹਾਂ ਦੇ ਸਵਾਗਤ ਲਈ ਆਏ ਮੰਤਰੀਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ 6 ਤਰੀਕ ਨੂੰ ਗ੍ਰਿਫਤਾਰ ਹੋਏ ਨੂੰ ਇੱਕ ਸਾਲ ਹੋ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਭਾਜਪਾ ‘ਤੇ ਆਪਣਾ ਗੁੱਸਾ ਕੱਢਦੇ ਹੋਏ ਕਿਹਾ ਕਿ ਉਹ ਸਿਰਫ ਵਿਰੋਧੀ ਪਾਰਟੀਆਂ ਨੂੰ ਦੇਖਦੇ ਹਨ। ਭਾਜਪਾ ਸਰਕਾਰ ਭਾਜਪਾ ਨਾਲ ਸਬੰਧਤ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਨਹੀਂ ਕਰਦੀ।
ਭਾਜਪਾ ਨੂੰ ਦਿੱਤੀ ਚੁਣੌਤੀ
ਇਹ ਚੁਣੌਤੀ ਦਿੰਦਿਆਂ ਵਿਧਾਇਕ ਗੱਜਣ ਮਾਜਰਾ ਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਅੱਗੇ ਲਿਆਓ, ਜੋ ਇਹ ਕਹਿੰਦਾ ਹੈ ਕਿ ਉਸ ਤੋਂ ਕੰਮ ਦੇ ਬਦਲੇ ਪੈਸੇ ਲਏ ਹਨ ਤਾਂ ਉਹ ਉਸੇ ਦਿਨ ਸਿਆਸਤ ਛੱਡ ਦੇਵਾਂਗਾ। ਇਸ ਦੇ ਨਾਲ ਹੀ ਜੇਲ੍ਹ ਅੰਦਰ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਵਿਧਾਇਕ ਨੇ ਕਿਹਾ ਕਿ ਅੰਦਰ ਦੀ ਦਾਲ ਰੋਟੀ ਇੰਨੀ ਵਧੀਆ ਹੈ ਕਿ ਤੁਹਾਡੇ ਘਰ ਵੀ ਇੰਨੀ ਚੰਗੀ ਦਾਲ ਰੋਟੀ ਨਹੀਂ ਬਣਦੀ ਹੋਵੇਗੀ। ਵਿਧਾਇਕ ਨੇ ਜੇਲ੍ਹ ਅੰਦਰਲੇ ਹਸਪਤਾਲ ਦੇ ਪ੍ਰਬੰਧਾਂ ‘ਤੇ ਵੀ ਤਸੱਲੀ ਪ੍ਰਗਟਾਈ।
ਮੀਡੀਆ ਵਾਲਿਆਂ ਨੇ ਪੁੱਛਿਆ ਕਿ ਤੁਹਾਨੂੰ ਜੇਲ੍ਹ ਅੰਦਰ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ। ਇਸ ‘ਤੇ ਵਿਧਾਇਕ ਥੋੜ੍ਹਾ ਗੁੱਸੇ ‘ਚ ਨਜ਼ਰ ਆਏ। ਉਨ੍ਹਾਂ ਕਿਹਾ ਕਿ ਵਿਧਾਇਕ ਬਣਨ ਤੋਂ ਬਾਅਦ ਵੀ ਉਹ ਆਪਣੇ ਘਰ ਹੀ ਰਹੇ ਹਨ। ਭਾਜਪਾ ਨੇ ਮੇਰੇ ਖਿਲਾਫ ਸਾਜ਼ਿਸ਼ ਤਹਿਤ ਕਾਰਵਾਈ ਕੀਤੀ ਹੈ, ਲੋਕਾਂ ਨੂੰ ਆਉਣ ਵਾਲੇ ਸਮੇਂ ‘ਚ ਭਾਜਪਾ ਨੂੰ ਜ਼ਰੂਰ ਸਬਕ ਸਿਖਾਉਣਾ ਚਾਹੀਦਾ ਹੈ।