ਡੈਸਕ- ਲੋਕ ਸਭਾ ਦੇ ਜ਼ਿਮਣੀ ਚੋਣ ਤੋਂ ਸੁਲਗ ਰਹੀ ਅੱਗ ਅੱਜ ਅਚਾਨਕ ਭੜਕ ਗਈ। ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪਾਰਟੀ ਦੇ ਇਕਲੌਤੇ ਸਾਂਸਦ ਸੁਸ਼ੀਲ ਰਿੰਕੂ ਖਿਲਾਫ ਰੱਜ ਕੇ ਭੜਾਸ ਕੱਢੀ।
ਰਿੰਕੂ ਦਾ ਨਾਂ ਲਏ ਬਗੈਰ ਸ਼ੀਤਲ ਨੇ ਸਾਂਸਦ ਰਿੰਕੂ ‘ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ। ਲਾਈਵ ਦੌਰਾਨ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਨੇ ਉਸ ਸਖ਼ਸ਼ ਨੂੰ ਸੱਤਾ ਸੌਂਪੀ ਹੈ, ਇਹ ਵਿਅਕਤੀ ਉਸਦੀ ਦੁਰਵਰਤੋਂ ਕਰ ਰਿਹਾ ਹੈ, ਜੋ ਕਿ ਬਹੁਤ ਗਲਤ ਹੈ। ਜੋ ਵੀ ਮੇਰੇ ਸੰਪਰਕ ਵਿੱਚ ਆਉਂਦਾ ਹੈ, ਇਹ ਸਖ਼ਸ਼ ਉਸ ਨੂੰ ਧਮਕੀਆਂ ਦੇ ਕੇ ਡਰਾਉਂਦਾ ਹੈ। ਇਹ ਸਖ਼ਸ਼ ਖੁਦ ਸ਼ਹਿਰ ਦੇ ਕਈ ਗੈਂਗਸਟਰਾਂ ਦਾ ਸਮਰਥਨ ਕਰ ਰਿਹਾ ਹੈ।
ਵਿਧਾਇਕ ਸ਼ੀਤਲ ਅੰਗੁਰਾਲ ਆਪਣੇ ਲਾਈਵ ਵਿੱਚ ਕਿਹਾ ਕਿ ਇਹ ਸਖ਼ਸ ਆਮ ਆਦਮੀ ਪਾਰਟੀ ਨੂੰ ਵੀ ਬਦਨਾਮ ਕਰ ਰਿਹਾ ਹੈ। ਜਿਸ ਪਾਰਟੀ ਨੇ ਇਸ ਨੂੰ ਕੁਰਸੀ ਦਿੱਤੀ ਇਹ ਉਸ ਨੂੰ ਹੀ ਖਤਮ ਕਰਨ ਉੱਤੇ ਲੱਗਿਆ ਹੈ। ਮੈਂ ਲੰਬੇ ਸਮੇਂ ਤੋਂ ਕੁਝ ਨਹੀਂ ਕਿਹਾ ਪਰ ਹੁਣ ਘੜਾ ਭਰ ਗਿਆ ਹੈ, ਮੈਂ ਹੁਣ ਚੁੱਪ ਨਹੀਂ ਰਹਿ ਸਕਦਾ। ਮੈਂ ਆਪਣੇ ਲੋਕਾਂ ਦਾ ਮਾੜਾ ਨਹੀਂ ਹੋਣ ਦਿਆਂਗਾ, ਇਸ ਲਈ ਭਾਵੇਂ ਮੈਨੂੰ ਆਪਣੀ ਕੁਰਸੀ ਗੁਆਉਣੀ ਪਵੇ, ਮੇਰੀ ਲੜਾਈ ਜਾਰੀ ਰਹੇਗੀ।
ਇਸ ਸਖ਼ਸ਼ ਵੱਲੋਂ ਆਪ ਪਾਰਟੀ candidate ਉੱਤੇ ਵੀ ਹਮਲਾ ਕਰਵਾਇਆ ਗਿਆ। ਇਸ ਤੋਂ ਇਲਾਵਾ ਪਾਰਟੀ ਵਰਕਰਾਂ ਨੂੰ ਵੀ ਤੰਗ ਕਰ ਰਿਹਾ ਹੈ। ਲਾਈਵ ਦੌਰਾਨ ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸ਼ੀਤਲ ਅੰਗੁਰਾਲ ਨੇ ਹਾਈ ਕਮਾਨ ਨੂੰ ਬੇਨਤੀ ਵੀ ਕੀਤੀ ਹੈ ਇਸ ਸਖ਼ਸ਼ ਉੱਤੇ ਸਖਤ ਕਾਰਵਾਈ ਕੀਤੀ ਜਾਵੇੇ। ਉਨ੍ਹਾਂ ਨੇ ਆਪਣੇ ਲਾਈਵ ਦੇ ਅੰਤ ਵਿੱਚ ਕਿਹਾ ਕਿ ਉਹ ਆਪਣੇ ਸੰਘਰਸ਼ ਦੀ ਲੜਾਈ ਜਾਰੀ ਰੱਖਣਗੇ।