ਮੂਸੇਵਾਲਾ ਦੇ ਕਾਤਲ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਤੋਂ ਭਾਰਤ ਲਿਆਈ ਪੁਲਿਸ

ਡੈਸਕ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਵਿੱਚੋਂ ਇੱਕ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਂਦਾ ਗਿਆ ਹੈ। ਸਚਿਨ ਬਿਸ਼ਨੋਈ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਤੀਜਾ ਹੈ। ਦਿੱਲੀ ਪੁਲਿਸ ਦੀ ਇੱਕ ਟੀਮ ਅਜ਼ਰਬਾਈਜਾਨ ਤੋਂ ਇਸ ਗੈਂਗਸਟਰ ਨੂੰ ਭਾਰਤ ਲਿਆਈ ਹੈ। ਉਹ ਪਿਛਲੇ ਸਾਲ ਮਈ ‘ਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਰਾਰ ਹੋ ਗਿਆ ਸੀ। ਸਚਿਨ ਫਰਜ਼ੀ ਪਾਸਪੋਰਟ ਇਸ ਇਸਤੇਮਾਲ ਕਰਕੇ ਦੇਸ਼ ਤੋਂ ਭੱਜ ਗਿਆ ਸੀ।

ਸਚਿਨ ਬਿਸ਼ਨੋਈ ਨੂੰ ਹਾਲ ਹੀ ਵਿੱਚ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸਚਿਨ ਬਿਸ਼ਨੋਈ ਭਾਰਤ ਵਿੱਚ ਰਹਿੰਦਿਆਂ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਸੀ। ਉਸ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਉਣ ਦੀ ਯੋਜਨਾ ਬਣਾਈ ਸੀ। ਉਹ ਦਿੱਲੀ ਤੋਂ ਫਰਜ਼ੀ ਪਾਸਪੋਰਟ ਬਣਵਾ ਕੇ ਅਜ਼ਰਬਾਈਜਾਨ ਭੱਜ ਗਿਆ ਸੀ।

ਸਚਿਨ ਦੇ ਭਾਰਤ ਆਉਂਦੇ ਹੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਹੋਇਆ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੇਂਸ ਬਿਸ਼ਨੋਈ ਦਾ ਬੇਹੱਦ ਕਰੀਬੀ ਗੈਂਗਸਟਰ ਸਚਿਨ ਬਿਸ਼ਨੋਈ ਕਤਲ ਤੋਂ ਪਹਿਲਾਂ 21 ਅਪ੍ਰੈਲ 2022 ਤੱਕ ਭਾਰਤ ਵਿੱਚ ਸੀ।

ਇਸ ਤੋਂ ਬਾਅਦ ਉਹ ਫਰਜ਼ੀ ਨਾਂ ‘ਤੇ ਪਾਸਪੋਰਟ ਬਣਵਾ ਕੇ ਭਾਰਤ ਤੋਂ ਭੱਜ ਗਿਆ। ਸਚਿਨ ਬਿਸ਼ਨੋਈ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇਕ ਪਤੇ ‘ਤੇ ਬਣਿਆ ਸੀ। ਇਸ ਫਰਜ਼ੀ ਪਾਸਪੋਰਟ ‘ਤੇ ਸਚਿਨ ਬਿਸ਼ਨੋਈ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ।