ਬਠਿੰਡਾ- 117 ਵਿਧਾਨ ਸਭਾ ਹਲਕਿਆਂ ਵਿਚੋਂ ਸਿਰਫ ਤਿੰਨ ਸੀਟਾਂ ਜਿੱਤਣ ਵਾਲੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਾਰ ਨੂੰ ਸਵੀਕਾਰ ਕੀਤਾ ਹੈ.ਉਨ੍ਹਾਂ ਕਿਹਾ ਕਿ ਵਰਕਰਾਂ ਅਤੇ ਪਾਰਟੀ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਕਰਕੇ ਹਾਰ ਦੇ ਕਾਰਣ ਲੱਭੇ ਜਾਣਗੇ.ਉਨ੍ਹਾਂ ਕਿਹਾ ਕਿ ਸ਼ਾਇਦ ਸਾਡੇ ਚ ਹੀ ਕੋਈ ਕਮੀ ਹੋਵੇਗੀ ਜੋ ਜਨਤਾ ਦਾ ਵੋਟ ਹਾਸਿਲ ਨਾ ਕਰ ਸਕੇ.ਸੁਖਬੀਰ ਨੇ ਬੁਰੀ ਤਰ੍ਹਾਂ ਨਾਲ ਹੋਈ ਹਾਰ ਦੀ ਬਤੌਰ ਪ੍ਰਧਾਨ ਜ਼ਿੰਮੇਵਾਰੀ ਲਈ ਹੈ.
ਸੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕਰਦਿਆਂ ਹੋਇਆਂ ਸੁਖਬੀਰ ਬਾਦਲ ਨੇ ਪੰਜਾਬ ਭਰ ਚ ਮੌਜੂਦ ਪਾਰਟੀ ਦੇ ਵਰਕਰਾਂ ਵਲੋਂ ਕੀਤੀ ਮਿਹਨਤ ਦੀ ਰੱਜ ਕੇ ਸ਼ਲਾਘਾ ਕੀਤੀ ਹੈ.ਸਰਦਾਰ ਬਾਦਲ ਦੀ ਲੰਬੀ ਹਲਕੇ ਤੋਂ ਹੋਈ ਹਾਰ ‘ਤੇ ਸੁਖਬੀਰ ਨੇ ਕਿਹਾ ਕਿ ਸਰਦਾਰ ਬਾਦਲ ਜਿੱਤ ਹਾਰ ਲਈ ਚੋਣ ਨਹੀਂ ਲੜੇ,ਪੰਜਾਬ ਲਈ ਜੇਲ੍ਹਾਂ ਕੱਟਣ ਵਾਲੇ ਪੰਜ ਵਾਰ ਦੇ ਮੁੱਖ ਮੰਤਰੀ ਅੱਜ ਵੀ ਕਾਇਮ ਹਨ.
117 ਸੀਟਾਂ ‘ਤੇ ਲਗਭਗ ਸੁਪੜਾ ਸਾਫ ‘ਤੇ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਨੂੰ ‘ਆਪ’ ਦੇ ਤੁਫਾਨ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ.ਵਰਕਰਾਂ ਦੀ ਮਿਹਨਤ ਨਾਲ ਉਨ੍ਹਾਂ ਨੂੰ ਆਸ ਸੀ ਕਿ ਪਾਰਟੀ ਜ਼ਰੂਰ ਜਿੱਤੇਗੀ.ਉਨ੍ਹਾਂ ਆਸ ਜਤਾਈ ਕਿ ਅਗਲੀ ਵਾਰ ਜਨਤਾ ਅਕਾਲੀ ਦਲ ਨੂੰ ਹੀ ਸਰਕਾਰ ਬਨਾਉਣ ਦਾ ਮੌਕਾ ਦੇਵੇਗੀ.ਸੁਖਬੀਰ ਨੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ.