ਮੁੰਬਈ : ਰਾਮਾਨੰਦ ਸਾਗਰ ਦੇ ਪ੍ਰਸਿੱਧ ਲੜੀਵਾਰ ਰਾਮਾਇਣ ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਦਿੱਗਜ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਅਰਵਿੰਦ ਤ੍ਰਿਵੇਦੀ ਦਾ ਮੰਗਲਵਾਰ ਦੀ ਰਾਤ ਮੁੰਬਈ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।
ਉਹ 82 ਸਾਲ ਦੇ ਸਨ ਤੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਰਾਮਾਨੰਦ ਸਾਗਰ ਦੀ ਰਾਮਾਇਣ ਵਿਚ ਰਾਵਣ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਉਨ੍ਹਾਂ ਨੂੰ ਅਜੇ ਵੀ ਰਾਵਣ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਉਸਨੇ ਲਗਭਗ 300 ਹਿੰਦੀ ਅਤੇ ਗੁਜਰਾਤੀ ਫਿਲਮਾਂ ਵਿਚ ਕੰਮ ਕੀਤਾ ਹੈ।
ਉਹ 1991 ਤੋਂ 1996 ਤੱਕ ਸੰਸਦ ਮੈਂਬਰ ਰਹੇ। ਅਦਾਕਾਰ ਦਾ ਅੰਤਿਮ ਸੰਸਕਾਰ 6 ਅਕਤੂਬਰ ਨੂੰ ਮੁੰਬਈ ਵਿੱਚ ਹੋਵੇਗਾ। ਅਰਵਿੰਦ ਤ੍ਰਿਵੇਦੀ ਦੇ ਸਹਿ-ਕਲਾਕਾਰਾਂ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਮਨਾਇਆ।
ਸ਼ੋਅ ਵਿਚ ਲਕਸ਼ਮਣ ਦੀ ਭੂਮਿਕਾ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਮਰਹੂਮ ਅਭਿਨੇਤਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, “ਬਹੁਤ ਦੁਖਦਾਈ ਖ਼ਬਰ ਹੈ ਕਿ ਸਾਡੇ ਪਿਆਰੇ ਅਰਵਿੰਦ ਭਾਈ (ਰਮਾਇਣ ਦੇ ਰਾਵਣ) ਹੁਣ ਸਾਡੇ ਵਿਚ ਨਹੀਂ ਹਨ।
ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਇਸ ਸਾਲ ਮਈ ਵਿਚ ਸੁਨੀਲ ਨੇ ਅਰਵਿੰਦ ਤ੍ਰਿਵੇਦੀ ਦੀ ਮੌਤ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਸੀ। ਉਨ੍ਹਾਂ ਨੇ ਸਾਰਿਆਂ ਨੂੰ ਅਜਿਹੇ ਤਣਾਅਪੂਰਨ ਸਮੇਂ ਵਿਚ ਜਾਅਲੀ ਖ਼ਬਰਾਂ ਨਾ ਫੈਲਾਉਣ ਲਈ ਕਿਹਾ ਸੀ।
ਦੀਪਿਕਾ ਚਿਖਲਿਆ ਨੇ ਇੰਸਟਾਗ੍ਰਾਮ ‘ਤੇ ਇਕ ਭਾਵੁਕ ਨੋਟ ਲਿਖਿਆ ਹੈ। ਦੀਪਿਕਾ ਚਿਖਲਿਆ ਨੇ ਰਾਮਾਇਣ ਵਿਚ ਸੀਤਾ ਦੀ ਪ੍ਰਤੀਕ ਭੂਮਿਕਾ ਨਿਭਾਈ ਸੀ।
ਟੀਵੀ ਪੰਜਾਬ ਬਿਊਰੋ