ਜਲੰਧਰ- ਅਫਰੀਕਨ ਸਵਾਈਨ ਫੀਵਰ ਪੰਜਾਬ ਪਹੁੰਚ ਗਿਆ ਹੈ ।ਪੰਜਾਬ ਸਰਕਾਰ ਨੇ ਜ਼ਿਲ੍ਹਾ ਐਸ.ਬੀ.ਐਸ. ਨਗਰ ਅਤੇ ਫ਼ਾਜ਼ਿਲਕਾ ਦੀਆਂ ਦੋ ਕਾਲੋਨੀਆਂ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ ਹੈ। ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਭੋਪਾਲ ਨੇ ਇਨ੍ਹਾਂ ਖੇਤਰਾਂ ਤੋਂ ਭੇਜੇ ਗਏ ਸੂਰਾਂ ਦੇ ਸੈਂਪਲਾਂ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਕੀਤੀ ਹੈ।
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਐਸ.ਬੀ.ਐਸ. ਨਗਰ ਦੀ ਕਾਲੋਨੀ ਮੂਸਾਪੁਰ ਰੋਡ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਬਾਦਲ ਕਾਲੋਨੀ ਵਿਚ ਬੀਮਾਰੀ ਦੀ ਰੋਕਥਾਮ ਲਈ ‘ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009’ ਅਤੇ ‘ਅਫ਼ਰੀਕਨ ਸਵਾਈਨ ਫ਼ੀਵਰ ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)’ ਤਹਿਤ ਪਾਬੰਦੀਆਂ ਲਾ ਕੇ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਬੀਮਾਰੀ ਦੇ ਕੇਂਦਰਾਂ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ ‘ਸੰਕ੍ਰਮਣ ਜ਼ੋਨ’ ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ ‘ਨਿਗਰਾਨੀ ਜ਼ੋਨ’ ਹੋਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਜ਼ਿੰਦਾ/ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ ਜਾਂ ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫ਼ੈਕਟਿਡ ਜ਼ੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ।
ਭੁੱਲਰ ਨੇ ਸੂਰਾਂ ਨੂੰ ਮਾਰਨ ਲਈ ਮੁਆਵਜ਼ਾ ਦੇਣ ਵਾਸਤੇ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਵਿਭਾਗ ਵੱਲੋਂ ਨੋਟੀਫ਼ਾਈ ਕੀਤੇ ਗਏ ਬੀਮਾਰੀ ਦੇ ਕੇਂਦਰ ਤੋਂ ਇੱਕ ਕਿਲੋਮੀਟਰ ਦੇ ਦਾਇਰੇ ਦੇ ‘ਸੰਕ੍ਰਮਣ ਜ਼ੋਨ’ ਵਿਚ ਵਿਭਾਗ ਵੱਲੋਂ ਮਾਰੇ ਗਏ ਸੂਰਾਂ ਲਈ ਹੀ ਮੁਆਵਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀ ਨੀਤੀ ਅਨੁਸਾਰ 15 ਕਿਲੋ ਤੱਕ ਵਜ਼ਨ ਵਾਲੇ ਸੂਰ ਦੀ ਕÇਲੰਗ ਲਈ 2200 ਰੁਪਏ, 15 ਕਿਲੋ ਤੋਂ 40 ਕਿਲੋ ਤੱਕ ਵਜ਼ਨ ਵਾਲੇ ਸੂਰ ਲਈ 5800 ਰੁਪਏ, 40 ਕਿਲੋ ਤੋਂ 70 ਕਿਲੋ ਤੱਕ ਵਜ਼ਨ ਵਾਲੇ ਸੂਰ ਲਈ 8400 ਰੁਪਏ, 70 ਕਿਲੋ ਤੋਂ 100 ਕਿਲੋ ਤੱਕ ਵਜ਼ਨ ਵਾਲੇ ਸੂਰ ਲਈ 12000 ਰੁਪਏ, 100 ਕਿਲੋ ਤੋਂ ਵੱਧ ਵਜ਼ਨ ਵਾਲੇ ਸੂਰ ਲਈ 15000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।