MI vs RR: ਸੰਦੀਪ ਸ਼ਰਮਾ ਦੀ ਘਾਤਕ ਗੇਂਦਬਾਜ਼ੀ ਤੋਂ ਬਾਅਦ ਯਸ਼ਸਵੀ ਜੈਸਵਾਲ ਦੇ ਦੂਜੇ ਮੈਚ ਜੇਤੂ ਸੈਂਕੜੇ ਦੇ ਦਮ ‘ਤੇ ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ 38ਵੇਂ ਮੈਚ ‘ਚ ਅੱਜ ਯਾਨੀ ਸੋਮਵਾਰ ਨੂੰ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਸੋਮਵਾਰ ਨੂੰ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਹਰਾਇਆ ਗਿਆ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 179/9 ਦਾ ਸਕੋਰ ਬਣਾਇਆ, ਜਿਸ ਨੂੰ ਮੇਜ਼ਬਾਨ ਰਾਜਸਥਾਨ ਨੇ 18.4 ਓਵਰਾਂ ‘ਚ ਸਿਰਫ 1 ਵਿਕਟ ਗੁਆ ਕੇ ਹਾਸਲ ਕਰ ਲਿਆ। ਰਾਜਸਥਾਨ ਨੇ ਇਸ ਸੀਜ਼ਨ ਵਿੱਚ ਦੂਜੀ ਵਾਰ ਮੁੰਬਈ ਨੂੰ ਹਰਾਇਆ ਹੈ। ਜੈਸਵਾਲ ਨੇ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣੇ ਦੋਵੇਂ ਸੈਂਕੜੇ ਲਗਾਏ ਹਨ।
ਰਾਜਸਥਾਨ ਰਾਇਲਜ਼ ਦੀ ਅੱਠ ਮੈਚਾਂ ਵਿੱਚ ਇਹ ਸੱਤਵੀਂ ਜਿੱਤ ਹੈ ਅਤੇ ਹੁਣ ਟੀਮ ਦੇ 14 ਅੰਕ ਹੋ ਗਏ ਹਨ। ਟੀਮ ਪੁਆਇੰਟ ਟੇਬਲ ‘ਚ ਪਹਿਲਾਂ ਹੀ ਮਜ਼ਬੂਤੀ ਨਾਲ ਚੋਟੀ ‘ਤੇ ਹੈ ਅਤੇ ਹੁਣ ਉਹ ਪਲੇਆਫ ਦੇ ਬਹੁਤ ਨੇੜੇ ਆ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਅੱਠ ਮੈਚਾਂ ਵਿੱਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਟੀਮ ਲਈ ਪਲੇਆਫ ਦਾ ਰਸਤਾ ਕਾਫੀ ਮੁਸ਼ਕਲ ਹੋ ਗਿਆ ਹੈ।
ਜੈਸਵਾਲ ਅਤੇ ਜੋਸ ਬਟਲਰ (35) ਨੇ ਪਹਿਲੀ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਕਰਕੇ ਮੁੰਬਈ ਵੱਲੋਂ ਦਿੱਤੇ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 2008 ਦੇ ਚੈਂਪੀਅਨ ਰਾਜਸਥਾਨ ਨੂੰ ਚੰਗੀ ਸ਼ੁਰੂਆਤ ਦਿਵਾਈ। ਬਟਲਰ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਜੈਸਵਾਲ ਨੇ ਕਪਤਾਨ ਸੰਜੂ ਸੈਮਸਨ (ਅਜੇਤੂ 38) ਨਾਲ ਦੂਜੇ ਵਿਕਟ ਲਈ 109 ਦੌੜਾਂ ਦੀ ਸਾਂਝੇਦਾਰੀ ਕਰਕੇ ਰਾਜਸਥਾਨ ਨੂੰ ਵੱਡੀ ਜਿੱਤ ਦਿਵਾਈ।
ਬਟਲਰ ਨੇ 18 ਗੇਂਦਾਂ ਵਿੱਚ ਦੋ ਚੌਕੇ ਜੜੇ। ਜੈਸਵਾਲ ਨੇ ਆਈਪੀਐਲ ਦਾ ਆਪਣਾ ਦੂਜਾ ਸੈਂਕੜਾ ਸਿਰਫ਼ 59 ਗੇਂਦਾਂ ਵਿੱਚ ਪੂਰਾ ਕੀਤਾ। ਆਪਣੀ ਇਸ ਸ਼ਾਨਦਾਰ ਪਾਰੀ ਦੌਰਾਨ ਉਸ ਨੇ 60 ਗੇਂਦਾਂ ‘ਤੇ ਨੌਂ ਚੌਕੇ ਤੇ ਸੱਤ ਛੱਕੇ ਜੜੇ। ਕਪਤਾਨ ਸੰਜੂ ਨੇ 28 ਗੇਂਦਾਂ ‘ਚ ਦੋ ਚੌਕੇ ਅਤੇ ਇੰਨੇ ਹੀ ਛੱਕੇ ਜੜੇ।
ਇਸ ਤੋਂ ਪਹਿਲਾਂ ਮੁੰਬਈ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਅਤੇ ਟੀਮ ਨੇ 52 ਦੌੜਾਂ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਪਰ ਇਸ ਤੋਂ ਬਾਅਦ ਤਿਲਕ ਵਰਮਾ ਅਤੇ ਨੇਹਲ ਵਢੇਰਾ ਨੇ ਪੰਜਵੇਂ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮੁਸੀਬਤ ਤੋਂ ਬਾਹਰ ਲਿਆਂਦਾ। ਨੇਹਲ ਵਢੇਰਾ ਨੇ 24 ਗੇਂਦਾਂ ਵਿੱਚ ਤਿੰਨ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾਈਆਂ ਜਦਕਿ ਤਿਲਕ ਵਰਮਾ ਨੇ 45 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 65 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਮੁਹੰਮਦ ਨਬੀ ਨੇ 23 ਦੌੜਾਂ ਬਣਾਈਆਂ।
ਰਾਜਸਥਾਨ ਲਈ ਸੰਦੀਪ ਸ਼ਰਮਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਓਵਰਾਂ ਵਿੱਚ 18 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਟ੍ਰੇਂਟ ਬੋਲਟ ਨੇ ਦੋ ਅਤੇ ਅਵੇਸ਼ ਖਾਨ ਅਤੇ ਯੁਜਵੇਂਦਰ ਚਾਹਲ ਨੇ ਇਕ-ਇਕ ਵਿਕਟ ਲਈ। ਇੱਕ ਵਿਕਟ ਲੈਣ ਦੇ ਨਾਲ ਹੀ ਚਾਹਲ ਆਈਪੀਐਲ ਵਿੱਚ 200 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ।