ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤ ਨੇ ਜਿੱਤਿਆ ‘ਸੈਂਚੁਰੀਅਨ’, ਸੌਰਵ ਗਾਂਗੁਲੀ ਨੇ ਕੀਤੀ ਤਾਰੀਫ

ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਖਿਲਾਫ ਸੈਂਚੁਰੀਅਨ ‘ਚ ਟੈਸਟ ਮੈਚ ਜਿੱਤਿਆ ਹੈ। ਇਸ ਨਾਲ ਭਾਰਤ ਇੱਥੇ ਟੈਸਟ ਜਿੱਤਣ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣ ਗਿਆ ਹੈ। ਕੋਹਲੀ ਦੀ ਕਪਤਾਨੀ ‘ਚ ਭਾਰਤ ਨੇ ਦੱਖਣੀ ਅਫਰੀਕਾ ‘ਚ ਦੋ ਟੈਸਟ ਮੈਚ ਜਿੱਤੇ ਹਨ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਕੋਹਲੀ ਦੀ ਅਗਵਾਈ ਵਾਲੀ ਟੀਮ ਦੇ ਇਸ ਪ੍ਰਦਰਸ਼ਨ ਤੋਂ ਕਾਫੀ ਖੁਸ਼ ਹਨ।

ਬੀਸੀਸੀਆਈ ਪ੍ਰਧਾਨ ਨੇ ਭਾਰਤ ਦੀ ਜਿੱਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਸ ਨਤੀਜੇ ਤੋਂ ਬਿਲਕੁਲ ਵੀ ਹੈਰਾਨ ਨਹੀਂ ਹਨ। ਸਾਬਕਾ ਭਾਰਤੀ ਕਪਤਾਨ ਨੇ ਕਿਹਾ ਕਿ ਮੌਜੂਦਾ ਸੀਰੀਜ਼ ‘ਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਇਸ ਟੈਸਟ ਟੀਮ ਨੂੰ ਹਰਾਉਣ ਲਈ ਦੱਖਣੀ ਅਫਰੀਕਾ ਨੂੰ ਆਪਣੀ ਪੂਰੀ ਤਾਕਤ ਨਾਲ ਖੇਡਣਾ ਹੋਵੇਗਾ।

ਗਾਂਗੁਲੀ ਨੇ ਟਵਿੱਟਰ ‘ਤੇ ਲਿਖਿਆ, “ਟੀਮ ਇੰਡੀਆ ਦੀ ਸ਼ਾਨਦਾਰ ਜਿੱਤ.. ਨਤੀਜੇ ਤੋਂ ਬਿਲਕੁਲ ਵੀ ਹੈਰਾਨ ਨਹੀਂ.. ਇਸ ਸੀਰੀਜ਼ ਨੂੰ ਹਰਾਉਣ ਲਈ ਇੱਕ ਮੁਸ਼ਕਿਲ ਟੀਮ ਹੋਵੇਗੀ.. ਦੱਖਣੀ ਅਫਰੀਕਾ ਨੂੰ ਅਜਿਹਾ ਕਰਨ ਲਈ ਆਪਣੀ ਸਕਿਨ ਨਾਲ ਖੇਡਣਾ ਹੋਵੇਗਾ.. ਨਵੇਂ ਸਾਲ ਦਾ ਆਨੰਦ ਮਾਣੋ।”

ਦੱਸ ਦੇਈਏ ਕਿ 49 ਸਾਲਾ ਸੌਰਵ ਗਾਂਗੁਲੀ ਤਿੰਨ ਦਿਨ ਪਹਿਲਾਂ ਕੋਰੋਨਾ ਸੰਕਰਮਿਤ ਪਾਇਆ ਗਿਆ ਸੀ। ਹਸਪਤਾਲ ‘ਚ ਵੀਰਵਾਰ ਨੂੰ ਉਸ ਦੀ ਹਾਲਤ ‘ਸਥਿਰ’ ਬਣੀ ਹੋਈ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੀਸੀਸੀਆਈ ਪ੍ਰਧਾਨ ਦੇ ਆਰਟੀ-ਪੀਸੀਆਰ ਟੈਸਟ ਵਿੱਚ ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ, ਸਾਵਧਾਨੀ ਵਜੋਂ ਸੋਮਵਾਰ ਰਾਤ ਨੂੰ ਕੋਲਕਾਤਾ ਦੇ ਵੁੱਡਲੈਂਡ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਇਸ ਸਮੇਂ ਇਲਾਜ ਅਧੀਨ ਹੈ।

ਦੱਸ ਦੇਈਏ ਕਿ ਭਾਰਤ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 305 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ‘ਚ ਦੱਖਣੀ ਅਫਰੀਕਾ ਆਪਣੀ ਦੂਜੀ ਪਾਰੀ ‘ਚ 191 ਦੌੜਾਂ ‘ਤੇ ਸਿਮਟ ਗਿਆ ਸੀ। ਇਸ ਦੇ ਨਾਲ ਹੀ ਟੀਮ ਇੰਡੀਆ ਨੇ 3 ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਦੋਵਾਂ ਟੀਮਾਂ ਵਿਚਾਲੇ ਅਗਲਾ ਮੈਚ 3 ਜਨਵਰੀ ਤੋਂ ਖੇਡਿਆ ਜਾਣਾ ਹੈ।