RR vs SRH, IPL 2024: ਸਨਰਾਈਜ਼ਰਸ ਹੈਦਰਾਬਾਦ ਨੇ ਸ਼ੁੱਕਰਵਾਰ ਨੂੰ ਇੱਕ ਬਹੁਤ ਹੀ ਰੋਮਾਂਚਕ ਮੈਚ ਵਿੱਚ ਸੰਜੂ ਸੈਮਸਨ ਦੀ ਰਾਜਸਥਾਨ ਰਾਇਲਜ਼ ਨੂੰ 36 ਦੌੜਾਂ ਨਾਲ ਹਰਾ ਕੇ IPL 2024 ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਐਤਵਾਰ ਨੂੰ ਫਾਈਨਲ ਵਿੱਚ ਸਨਰਾਈਜ਼ਰਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਕੇਕੇਆਰ ਪਹਿਲੇ ਕੁਆਲੀਫਾਇਰ ਵਿੱਚ ਸਨਰਾਈਜ਼ਰਸ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ। ਕੇਕੇਆਰ ਨੇ ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਇਸ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰਾਜਸਥਾਨ ਲਈ ਇਹ ਸੀਜ਼ਨ ਬਹੁਤ ਨਿਰਾਸ਼ਾਜਨਕ ਰਿਹਾ। ਟੀਮ ਨੇ ਲੀਗ ਦੀ ਸ਼ੁਰੂਆਤ ‘ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਬਾਅਦ ‘ਚ ਉਹ ਫਿੱਕੀ ਪੈ ਗਈ। ਹਾਲਾਂਕਿ ਇਸ ਟੀਮ ਨੇ ਐਲੀਮੀਨੇਟਰ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾ ਕੇ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।
ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਸਨਰਾਈਜ਼ਰਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਟ੍ਰੇਂਟ ਬੋਲਟ ਨੇ ਪਾਵਰ ਪਲੇਅ ‘ਚ ਹੀ 3 ਵਿਕਟਾਂ ਲੈ ਕੇ ਸਨਰਾਈਜ਼ਰਸ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਪਰ ਹੇਨਰਿਕ ਕਲਾਸੇਨ ਨੇ ਅਰਧ ਸੈਂਕੜਾ ਜੜ ਕੇ ਆਪਣੀ ਟੀਮ ਨੂੰ 175 ਦੇ ਸਕੋਰ ਤੱਕ ਪਹੁੰਚਾਇਆ। ਰਾਜਸਥਾਨ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਮਿਲਿਆ ਸੀ। ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਰਾਜਸਥਾਨ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਵੇਗਾ ਪਰ ਸਨਰਾਈਜ਼ਰਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਸ ਨੂੰ 36 ਦੌੜਾਂ ਘੱਟ ਦੇ ਸਕੋਰ ਤੱਕ ਹੀ ਰੋਕ ਦਿੱਤਾ।
ਅਵੇਸ਼ ਅਤੇ ਟ੍ਰੇਂਟ ਬੋਲਟ ਨੇ 3-3 ਵਿਕਟਾਂ ਲਈਆਂ
ਸਨਰਾਈਜ਼ਰਜ਼ ਦੀ ਪਾਰੀ ਦੀ ਗੱਲ ਕਰੀਏ ਤਾਂ ਓਪਨਰ ਅਭਿਸ਼ੇਕ ਸ਼ਰਮਾ ਪਹਿਲੇ ਓਵਰ ਦੀ ਆਖਰੀ ਗੇਂਦ ‘ਤੇ ਪੈਵੇਲੀਅਨ ਪਰਤ ਗਏ। ਉਸ ਨੇ ਸਿਰਫ਼ 12 ਦੌੜਾਂ ਦਾ ਯੋਗਦਾਨ ਪਾਇਆ। ਦੂਜੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 28 ਗੇਂਦਾਂ ‘ਚ 34 ਦੌੜਾਂ ਦੀ ਪਾਰੀ ਖੇਡੀ। ਉਹ ਵੱਡਾ ਸਕੋਰ ਵੀ ਪੋਸਟ ਨਹੀਂ ਕਰ ਸਕਿਆ। ਰਾਹੁਲ ਤ੍ਰਿਪਾਠੀ ਅੱਜ ਪੂਰੇ ਫਾਰਮ ‘ਚ ਨਜ਼ਰ ਆ ਰਹੇ ਸਨ। ਉਸ ਨੇ 15 ਗੇਂਦਾਂ ‘ਤੇ 37 ਦੌੜਾਂ ਬਣਾਈਆਂ। ਪਰ ਬੋਲਟ ਨੇ ਉਸ ਨੂੰ ਵੀ ਆਊਟ ਕਰ ਦਿੱਤਾ। ਬੋਲਟ ਥੋੜ੍ਹਾ ਮਹਿੰਗਾ ਸਾਬਤ ਹੋਇਆ ਪਰ ਉਸ ਨੇ ਪਾਵਰ ਪਲੇਅ ‘ਚ 3 ਵਿਕਟਾਂ ਲਈਆਂ। ਅਵੇਸ਼ ਖਾਨ ਨੂੰ ਵੀ ਸਫਲਤਾ ਮਿਲੀ। ਸਨਰਾਈਜ਼ਰਜ਼ ਦਾ ਕੋਈ ਹੋਰ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕਿਆ।
ਰਾਜਸਥਾਨ ਰਾਇਲਸ ਬਾਹਰ
176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਨੂੰ ਪਾਵਰ ਪਲੇਅ ਵਿੱਚ ਸਿਰਫ਼ ਇੱਕ ਝਟਕਾ ਲੱਗਾ ਪਰ ਉਹ ਦੌੜਾਂ ਦੀ ਰਫ਼ਤਾਰ ਨਹੀਂ ਵਧਾ ਸਕੀ। ਯਸ਼ਸਵੀ ਜੈਸਵਾਲ ਤੋਂ ਕਾਫੀ ਉਮੀਦਾਂ ਸਨ। ਉਸ ਨੇ 200 ਦੇ ਸਟ੍ਰਾਈਕ ਰੇਟ ਨਾਲ 21 ਗੇਂਦਾਂ ਵਿੱਚ 42 ਦੌੜਾਂ ਬਣਾਈਆਂ। ਧਰੁਵ ਜੁਰੇਲ ਅੰਤ ਤੱਕ ਸੰਘਰਸ਼ ਕਰਦੇ ਰਹੇ ਅਤੇ ਉਨ੍ਹਾਂ ਨੇ 35 ਗੇਂਦਾਂ ਵਿੱਚ 56 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਰ ਆਪਣੀ ਟੀਮ ਨੂੰ ਜਿੱਤ ਦਿਵਾ ਨਹੀਂ ਸਕੇ। ਜੁਰੇਲ ਤੋਂ ਬਾਅਦ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ ਅਤੇ ਇਹੀ ਟੀਮ ਦੀ ਹਾਰ ਦਾ ਮੁੱਖ ਕਾਰਨ ਬਣਿਆ। ਰਾਜਸਥਾਨ ਦਾ ਆਈਪੀਐਲ ਟਰਾਫੀ ਜਿੱਤਣ ਦਾ ਸੁਪਨਾ ਹੁਣ ਚਕਨਾਚੂਰ ਹੋ ਗਿਆ ਹੈ।