Hawaii wildfires : ਜੰਗਲ ਦੀ ਅੱਗ ਬੁਝਣ ਮਗਰੋਂ ਜ਼ਹਿਰੀਲੀ ਹੋਈ ਹਵਾ, ਲੋਕਾਂ ਲਈ ਸਾਹ ਲੈਣਾ ਹੋਇਆ ਔਖਾ

Washington- ਅਮਰੀਕੀ ਸੂਬੇ ਹਵਾਈ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਪਿਛਲੇ 100 ਸਾਲਾਂ ਦੀ ਸਭ ਤੋਂ ਖ਼ਤਰਨਾਕ ਅੱਗ ਮੰਨੀ ਜਾ ਰਹੀ ਹੈ। ਅੱਗ ਕਾਰਨ ਹੁਣ ਤੱਕ 96 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਅੱਗ ਬੁਝਾਉਣ ਤੋਂ ਬਾਅਦ ਵੀ ਖ਼ਤਰਾ ਟਲਿਆ ਨਹੀਂ ਹੈ। ਲਾਹਿਨਾ ਸ਼ਹਿਰ ਵਾਸੀ ਘਰਾਂ, ਪਾਈਪਾਂ ਅਤੇ ਕਾਰਾਂ ਦੇ ਜਲਣ ਮਗਰੋਂ ਹਵਾ ’ਚ ਫੈਲੇ ਜ਼ਹਿਰੀਲੇ ਧੂੰਏਂ ਤੋਂ ਪਰੇਸ਼ਾਨ ਹਨ। ਅੱਗ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਹੋ ਰਹੀ ਹੈ। ਰਬੜ, ਧਾਤੂ ਅਤੇ ਪਲਾਸਟਿਕ ਦੇ ਜ਼ਹਿਰੀਲੇ ਕਣ ਚਾਰੋਂ ਪਾਸੇ ਫੈਲ ਰਹੇ ਹਨ। ਇਸ ਸਬੰਧੀ ਮੌਸਮ ਵਿਗਿਆਨੀ ਡਾਇਨਾ ਫੈਲਟਨ ਨੇ ਦੱਸਆ ਕਿ ਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਖ਼ਤਰਨਾਕ ਹੈ। ਸ਼ਹਿਰ ’ਚ ਹਵਾ ਨੂੰ ਸ਼ੁੱਧ ਹੋਣ ’ਚ ਮਹੀਨਿਆਂ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਦੇ ਹਾਲਾਤ ’ਚ ਸ਼ਹਿਰ ’ਚ ਰਹਿਣਾ ਸਿਹਤ ਲਈ ਖ਼ਤਰਨਾਕ ਹੈ। ਇੱਥੋਂ ਤੱਕ ਕਿ ਹਵਾ ਦੇ ਨਾਲ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਹਿਰੀਲੀ ਹਵਾ ’ਚ ਸਾਹ ਲੈਣ ਕਾਰਨ ਲੋਕਾਂ ਦੀ ਸਿਹਤ ’ਤੇ ਵੀ ਇਸ ਦਾ ਅਸਰ ਪਏਗਾ ਅਤੇ ਪਾਣੀ ਵਾਲੇ ਪਾਣੀ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ।
ਵੱਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀ
ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਦੱਸਿਆ ਮਰਨ ਵਾਲਿਆਂ ਦਾ ਅੰਕੜਾ ਅਜੇ ਹੋਰ ਵੀ ਵੱਧ ਸਕਦਾ ਹੈ। ਅੱਗ ਦੀ ਵਜ੍ਹਾ ਕਾਰਨ ਹਵਾਈ ’ਚ 5.5 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਮਾਉਈ ਅਤੇ ਲਾਹਿਨਾ ਸ਼ਹਿਰ ’ਚ ਦੋ ਹਜ਼ਾਰ ਤੋਂ ਵਧੇਰੇ ਇਮਾਰਤਾਂ ਜਲ ਚੁੱਕੀਆਂ ਹਨ। ਹਰ ਦਿਨ ਕਰੀਬ 15 ਹਜ਼ਾਰ ਲੋਕਾਂ ਨੂੰ ਘਰਾਂ ਨੂੰ ਛੱਡਣਾ ਪੈ ਰਿਹਾ ਹੈ। ਪਿਛਲੇ ਇੱਕ ਹਫ਼ਤੇ ਦੇ ਅੰਦਰ 46,000 ਨਿਵਾਸੀ ਅਤੇ ਹੋਰ ਸੈਲਾਨੀ ਸ਼ਹਿਰ ਛੱਡ ਕੇ ਚਲੇ ਗਏ ਹਨ।