Site icon TV Punjab | Punjabi News Channel

ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ PAU ਦਾ ਦੌਰਾ

ਲੁਧਿਆਣਾ : ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਵਿਸ਼ੇਸ਼ ਤੌਰ ਤੇ ਪੀ.ਏ.ਯੂ. ਦਾ ਦੌਰਾ ਕੀਤਾ । ਉਹਨਾਂ ਦੇ ਨਾਲ ਮੁੱਖ ਸਕੱਤਰ ਵਿਕਾਸ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ ਆਈ ਏ ਐੱਸ ਮੌਜੂਦ ਸਨ । ਸ. ਰਣਦੀਪ ਸਿੰਘ ਨਾਭਾ ਨੇ ਇਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਵੱਲੋਂ ਲਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ।

ਸ੍ਰੀ ਨਾਭਾ ਨੇ ਯੂਨੀਵਰਸਿਟੀ ਦੀਆਂ ਅਕਾਦਮਿਕ , ਖੋਜ ਅਤੇ ਪਸਾਰ ਗਤੀਵਿਧੀਆਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਪੰਜਾਬ ਨੇ ਪੂਰੇ ਭਾਰਤ ਦਾ ਅੰਨ ਭੰਡਾਰ ਹੋਣ ਦਾ ਮਾਣ ਹਾਸਲ ਕੀਤਾ ਹੈ ਤਾਂ ਇਸਦੀ ਤਕਨੀਕੀ ਅਗਵਾਈ ਪੀ.ਏ.ਯੂ. ਨੇ ਕੀਤੀ ਹੈ । ਉਹਨਾਂ ਕਿਹਾ ਕਿ ਨਵੇਂ ਯੁੱਗ ਦੀਆਂ ਖੇਤੀ ਚੁਣੌਤੀਆਂ ਸਾਹਮਣੇ ਪੀ.ਏ.ਯੂ. ਖੇਤੀ ਵਿਭਿੰਨਤਾ, ਖੇਤੀ ਸਿਖਲਾਈਆਂ, ਪ੍ਰੋਸੈਸਿੰਗ ਆਦਿ ਰਾਹੀਂ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕਰ ਰਹੀ ਹੈ ।

ਉਹਨਾਂ ਖੇਤੀ ਮਾਹਿਰਾਂ ਨੂੰ ਆਪਣੇ ਕੰਮ ਪ੍ਰਤੀ ਹੋਰ ਪ੍ਰਤੀਬੱਧਤਾ ਨਾਲ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ । ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਭੂਗੋਲਿਕ ਤੌਰ ਤੇ ਕੁਝ ਜ਼ੋਨਾਂ ਵਿੱਚ ਵੰਡ ਕੇ ਖੇਤੀ ਵਿਕਾਸ ਦਾ ਮਾਡਲ ਉਸਾਰਨ ਦੀ ਜ਼ਿੰਮੇਵਾਰੀ ਪੀ.ਏ.ਯੂ. ਮਾਹਿਰਾਂ ਦੀ ਹੈ ਇਸਲਈ ਹਰ ਸੰਭਵ ਸਹਾਇਤਾ ਸਰਕਾਰ ਵੱਲੋਂ ਕੀਤੀ ਜਾਵੇਗੀ ਅਤੇ ਕਿਸੇ ਕਿਸਮ ਦੇ ਸਹਿਯੋਗ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ ਆਈ ਏ ਐੱਸ ਨੇ ਸ. ਰਣਦੀਪ ਸਿੰਘ ਨਾਭਾ ਦਾ ਸਵਾਗਤ ਕੀਤਾ । ਉਹਨਾਂ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਨਾਲ ਖੇਤੀਬਾੜੀ ਮੰਤਰੀ ਦੀ ਜਾਣ-ਪਛਾਣ ਕਰਾਈ । ਉਹਨਾਂ ਕਿਹਾ ਕਿ ਯੂਨੀਵਰਸਿਟੀ ਹਰ ਖੇਤਰ ਵਿੱਚ ਪੰਜਾਬ ਦੇ ਕਿਸਾਨਾਂ ਲਈ ਨਵੀਂ ਸੋਚ ਅਤੇ ਗਿਆਨ ਮੁਹਈਆ ਕਰਵਾ ਰਹੀ ਹੈ । ਤੁਹਾਡੀ ਆਮਦ ਨਾਲ ਸਮੁੱਚੇ ਅਮਲੇ ਦਾ ਉਤਸ਼ਾਹ ਵਧਿਆ ਹੈ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਯੂਨੀਵਰਸਿਟੀ ਦੀ ਕਾਰਜ ਪ੍ਰਣਾਲੀ ਬਾਰੇ ਸੰਖੇਪ ਵਿੱਚ ਦੱਸਿਆ । ਉਹਨਾਂ ਇਸ ਮੌਕੇ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ਸਲਾਂ, ਫਲਾਂ ਅਤੇ ਸਬਜ਼ੀਆਂ ਦੀਆਂ ਕਿਸਮਾਂ ਦੇ ਖੇਤਰ ਵਿਚ ਕੀਤੀ ਜਾ ਰਹੀ ਖੋਜ ਦਾ ਜ਼ਿਕਰ ਕੀਤਾ । ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦਾ ਉਦੇਸ਼ ਉਤਪਾਦਨ ਦੇ ਨਾਲ-ਨਾਲ ਕਿਸਾਨਾਂ ਦੇ ਮੁਨਾਫ਼ੇ ਵਿੱਚ ਵਾਧਾ ਕਰਨਾ ਹੈ ।

ਡਾ. ਬੈਂਸ ਨੇ ਵਿਸ਼ੇਸ਼ ਤੌਰ ਤੇ ਖੇਤੀ ਵਿਭਿੰਨਤਾ ਲਈ ਕੀਤੇ ਜਾ ਰਹੇ ਖੋਜ ਕਾਰਜਾਂ ਦਾ ਜ਼ਿਕਰ ਕੀਤਾ । ਇਸ ਮੌਕੇ ਖੇਤੀਬਾੜੀ ਮੰਤਰੀ ਨੂੰ ਸ਼ਾਲ ਅਤੇ ਸਨਮਾਨ ਚਿੰਨ ਭੇਂਟ ਕੀਤਾ ਗਿਆ । ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਅੰਤ ਵਿੱਚ ਯੂਨੀਵਰਸਿਟੀ ਆਉਣ ਲਈ ਖੇਤੀਬਾੜੀ ਮੰਤਰੀ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਯੂਨੀਵਰਸਿਟੀ ਦਾ ਧਿਆਨ ਹਰ ਲਿਹਾਜ਼ ਨਾਲ ਪੰਜਾਬ ਦੀ ਕਿਸਾਨੀ ਦੀ ਬਿਹਤਰੀ ਵੱਲ ਹੈ ।

ਇਸ ਸਮੇਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਹਾਜ਼ਰ ਸਨ।

ਇਨ੍ਹਾਂ ਤੋਂ ਇਲਾਵਾ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਐੱਸ ਬੁੱਟਰ ਅਤੇ ਡਾ. ਜੀ ਪੀ ਐੱਸ ਸੋਢੀ, ਅਪਰ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡਾ. ਗੁਰਸਾਹਿਬ ਸਿੰਘ ਮਨੇਸ, ਡਾ. ਪੀ ਪੀ ਐੱਸ ਪੰਨੂ ਅਤੇ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਪੰਜਾਬ ਯੂਥ ਵਿਕਾਸ ਬੋਰਡ ਦੇ ਸ. ਸੁਖਵਿੰਦਰ ਸਿੰਘ ਬਿੰਦਰਾ ਅਤੇ ਲੀਗਲ ਕੁਆਰਡੀਨੇਟਰ ਹਰਪ੍ਰੀਤ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੇ ਆਪਣੇ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਦਿਖਾਉਣ ਲਈ ਸਟਾਲ ਲਾਏ ਹੋਏ ਸਨ ।

ਟੀਵੀ ਪੰਜਾਬ ਬਿਊਰੋ

Exit mobile version