ਮਾਨਸੂਨ ਫਿਰ ਤਿਆਰ, ਪੰਜਾਬ ਚ ਅਗਲੇ ਤਿੰਨ ਦਿਨ ਪਵੇਗੀ ਜ਼ੋਰਦਾਰ ਬਾਰਿਸ਼

ਜਲੰਧਰ- ਪੰਜਾਬ ’ਚ ਮੌਨਸੂਨ ਇਕ ਵਾਰ ਫਿਰ ਤੋਂ ਮਜ਼ਬੂਤੀ ਨਾਲ ਸਰਗਰਮ ਹੋਣ ਜਾ ਰਿਹਾ ਹੈ। ਇਸ ਕਾਰਨ ਪੂਰੇ ਪੰਜਾਬ ’ਚ ਭਾਰੀ ਬਾਰਿਸ਼ ਬਾਰੇ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਕੇਂਦਰ ਚੰਡੀਗਡ਼੍ਹ ਮੁਤਾਬਕ 27 ਜੁਲਾਈ ਤੋਂ ਪੰਜਾਬ ਦੇ ਮਾਝਾ, ਦੋਆਬਾ ਤੇ ਪੂਰਬੀ ਮਾਲਵੇ ’ਚ ਭਾਰੀ ਬਾਰਿਸ਼ ਹੋ ਸਕਦੀ ਹੈ।

ਮਾਝੇ ’ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਾਤਰਨ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਨਾਲ ਬਾਰਿਸ਼ ਪਵੇਗੀ, ਜਦਕਿ ਦੋਆਬਾ ’ਚ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਤੇ ਜਲੰਧਰ ’ਚ ਬਾਰਿਸ਼ ਨਾਲ ਪੰਦਰਾਂ ਤੋਂ ਵੀਹ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਉੱਥੇ ਲੁਧਿਆਣਾ, ਰੂਪਨਗਰ, ਪਟਿਆਲਾ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਕੇਂਦਰ ਚੰਡੀਗਡ਼੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭਾਰੀ ਬਾਰਿਸ਼ ਬਾਰੇ ਚਿਤਾਵਨੀ ਜਾਰੀ ਕਰ ਦਿੱਤੀ ਹੈ। ਕਿਉਂਕਿ ਜੁਲਾਈ ਦੇ ਅੰਤ ਤੱਕ ਮੌਨਸੂਨ ਐਕਟਿਵ ਫੇਜ਼ ’ਚ ਰਹੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਜੁਲਾਈ ’ਚ ਮੌਨਸੂਨ ਬਹੁਤ ਚੰਗਾ ਰਿਹਾ। ਸਾਲ 2001 ਤੋਂ ਬਾਅਦ ਪਹਿਲੀ ਵਾਰ ਪੰਜਾਬ ’ਚ ਜੁਲਾਈ ’ਚ ਏਨੀ ਬਾਰਿਸ਼ ਹੋਈ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਬਾਰਿਸ਼ ਨਵੇਂ ਰਿਕਾਰਡ ਬਣਾ ਦੇਵੇ। ਜੁਲਾਈ ’ਚ ਆਮ ਨਾਲੋਂ 26 ਫ਼ੀਸਦੀ ਵੱਧ ਬਾਰਿਸ਼ ਹੋਈ ਹੈ।