ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਅੱਜ ਚੋਣ ਹੋਣ ਜਾ ਰਹੀ ਹੈ। ਦੇਸ਼ ਭਰ ਵਿੱਚ 9,000 ਤੋਂ ਵੱਧ ਡੈਲੀਗੇਟ ਨਵੇਂ ਪ੍ਰਧਾਨ ਦੀ ਚੋਣ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਿੰਗ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਹੈ। ਕਰੀਬ 22 ਸਾਲਾਂ ਬਾਅਦ ਕਾਂਗਰਸ ‘ਚ ਪ੍ਰਧਾਨ ਦੇ ਅਹੁਦੇ ਲਈ ਚੋਣ ਹੋਣੀ ਹੈ। ਗਾਂਧੀ ਪਰਿਵਾਰ ਦੇ ਕਰੀਬੀ ਸਹਿਯੋਗੀ ਮੱਲਿਕਾਰਜੁਨ ਖੜਗੇ ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਹੈ। ਵੋਟਾਂ ਦੀ ਗਿਣਤੀ ਬੁੱਧਵਾਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ ਤੋਂ ਬਾਅਦ ਲਗਪਗ 24 ਸਾਲਾਂ ਬਾਅਦ ਕਾਂਗਰਸ ਦਾ ਪ੍ਰਧਾਨ ਗੈਰ-ਗਾਂਧੀ ਪਰਿਵਾਰ ਤੋਂ ਹੋਵੇਗਾ। ਸੋਨੀਆ ਅਤੇ ਪ੍ਰਿਅੰਕਾ ਗਾਂਧੀ ਦਿੱਲੀ ‘ਚ ਵੋਟ ਪਾਉਣਗੇ।
ਸ਼ਸ਼ੀ ਥਰੂਰ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ। ਕਾਂਗਰਸ ਦਾ ਭਵਿੱਖ ਪਾਰਟੀ ਵਰਕਰਾਂ ਦੇ ਹੱਥਾਂ ਵਿੱਚ ਹੈ। ਸਾਡੇ ਅਤੇ ਪਾਰਟੀ ਨੇਤਾਵਾਂ ਦੇ ਖਿਲਾਫ ਔਕੜਾਂ ਦੇ ਢੇਰ ਲੱਗੇ ਹੋਏ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕਰਨਾਟਕ ਦੇ ਬੇਲਾਰੀ ‘ਚ ਵੋਟ ਪਾਉਣਗੇ। ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕੱਢ ਰਹੇ ਹਨ। ਯਾਤਰਾ ਦੌਰਾਨ ਹੀ ਪੋਲਿੰਗ ਬੂਥ ਬਣਾਏ ਗਏ ਹਨ। ਕਾਂਗਰਸ ਦੀ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਮਧੂਸੂਦਨ ਮਿਸਤਰੀ ਨੇ ਏ.ਆਈ.ਸੀ.ਸੀ ਦਫਤਰ ਵਿਖੇ ਵੋਟਿੰਗ ਤੋਂ ਪਹਿਲਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
22 ਸਾਲਾਂ ਬਾਅਦ ਹੋਣ ਜਾ ਰਹੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਸਮੇਤ ਦੇਸ਼ ਭਰ ਵਿੱਚ 65 ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਮੌਜੂਦਾ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਪਾਰਟੀ ਹੈੱਡਕੁਆਰਟਰ ਸਥਿਤ ਪੋਲਿੰਗ ਬੂਥ ‘ਤੇ ਵੋਟ ਪਾਉਣਗੇ। ਇਸ ਦੇ ਨਾਲ ਹੀ ਭਾਰਤ ਜੋੜੋ ਯਾਤਰਾ ‘ਤੇ ਨਿਕਲੇ ਰਾਹੁਲ ਗਾਂਧੀ ਕਰਨਾਟਕ ਦੇ ਬੇਲਾਰੀ ਦੇ ਸੰਗਨਾਕੱਲੂ ‘ਚ ਯਾਤਰਾ ਕੈਂਪ ‘ਚ ਬਣਾਏ ਗਏ ਪੋਲਿੰਗ ਬੂਥ ‘ਤੇ ਵੋਟ ਪਾਉਣਗੇ।