ਡੈਸਕ- ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਆਲਾਲੰਪੁਰ ਲਈ ਏਅਰ ਏਸ਼ੀਆ-X ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਇਹ ਉਡਾਣ 3 ਸਤੰਬਰ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਵਾਲੀ ਹੈ। ਏਅਰਲਾਈਨਜ਼ ਨੇ ਇਸ ਦੀ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਏਅਰ ਏਸ਼ੀਆ-X ਦੋਵਾਂ ਸ਼ਹਿਰਾਂ ਨੂੰ ਜੋੜਨ ਵਾਲੀ ਮਾਲਿੰਡੋ ਤੋਂ ਬਾਅਦ ਦੂਜੀ ਏਅਰਲਾਈਨ ਬਣ ਗਈ ਹੈ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਇਹ ਉਡਾਣ ਹਫ਼ਤੇ ਵਿੱਚ ਚਾਰ ਦਿਨ ਐਤਵਾਰ, ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਭਰੇਗੀ। ਇਹ ਫਲਾਈਟ ਅੰਮ੍ਰਿਤਸਰ ਤੋਂ ਦੁਪਹਿਰ 1 ਵਜੇ ਦੇ ਕਰੀਬ ਰਵਾਨਾ ਹੋਵੇਗੀ, ਜੋ 5.50 ਘੰਟੇ ਦਾ ਸਫਰ ਕਰੇਗੀ ਅਤੇ ਭਾਰਤੀ ਸਮੇਂ ਅਨੁਸਾਰ ਸ਼ਾਮ 6.50 ਵਜੇ ਕੁਆਲਾਲੰਪੁਰ ‘ਚ ਉਤਰੇਗੀ। ਇਸੇ ਤਰ੍ਹਾਂ ਇਹ ਫਲਾਈਟ ਹਰ ਐਤਵਾਰ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਕੁਆਲਾਲੰਪੁਰ ਤੋਂ ਰਵਾਨਾ ਹੋਵੇਗੀ। ਇਹ ਫਲਾਈਟ ਕੁਆਲਾਲੰਪੁਰ ਤੋਂ ਰਾਤ 8.25 ‘ਤੇ ਰਵਾਨਾ ਹੋਵੇਗੀ, ਜੋ 5.55 ਘੰਟੇ ਦੇ ਸਫਰ ਤੋਂ ਬਾਅਦ ਰਾਤ 11.50 ‘ਤੇ ਅੰਮ੍ਰਿਤਸਰ ਉਤਰੇਗੀ।
ਮਾਲਿੰਡੋ ਏਅਰਲਾਈਨਜ਼ ਨੇ ਵੀ ਪਿਛਲੇ ਸਾਲ ਸਤੰਬਰ ਵਿੱਚ ਹੀ ਅੰਮ੍ਰਿਤਸਰ-ਕੁਆਲਾਲੰਪੁਰ ਸਿੱਧੀ ਉਡਾਣ ਸ਼ੁਰੂ ਕੀਤੀ ਸੀ। ਇਹ ਉਡਾਣ (Flight) ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੋਵਾਂ ਸ਼ਹਿਰਾਂ ਵਿਚਕਾਰ ਚੱਲਦੀ ਹੈ।