ਸੋਸ਼ਲ ਮੀਡੀਆ ’ਤੇ ਇਜ਼ਰਾਈਲ ਵਿਰੋਧੀ ਪੋਸਟਾਂ ਪਾਉਣ ’ਤੇ ਏਅਰ ਕੈਨੇਡਾ ਨੇ ਨੌਕਰੀ ਤੋਂ ਬਰਖ਼ਾਸਤ ਕੀਤਾ ਪਾਇਲਟ

Montreal- ਮਾਂਟਰੀਅਲ ’ਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਏਅਰ ਕੈਨੇਡਾ ਦੇ ਇੱਕ ਪਾਇਲਟ ਨੂੰ ਸੋਸ਼ਲ ਮੀਡੀਆ ’ਤੇ ਇਜ਼ਰਾਈਲ ਵਿਰੋਧੀ ਪੋਸਟਾਂ ਨੂੰ ਸਾਂਝਾ ਕਰਨ ਮਗਰੋਂ ਬਰਖਾਸਤ ਕਰ ਦਿੱਤਾ ਗਿਆ ਹੈ। ਐਕਸ (ਟਵਿੱਟਰ) ’ਤੇ ਬੁੱਧਵਾਰ ਨੂੰ ਪੋਸਟ ਕੀਤੇ ਗਏ ਇੱਕ ਸੰਦੇਸ਼ ’ਚ, ਕੈਰੀਅਰ ਨੇ ਕਿਹਾ ਕਿ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਸੋਮਵਾਰ ਨੂੰ ਸ਼ੁਰੂ ਕੀਤੀ ਗਈ ਪ੍ਰਕਿਰਿਆ ਮਗਰੋਂ ਪਾਇਲਟ ਹੁਣ ਏਅਰ ਕੈਨੇਡਾ ਲਈ ਕੰਮ ਨਹੀਂ ਕਰੇਗਾ।
ਮੰਗਲਵਾਰ ਨੂੰ, ਕੰਪਨੀ ਨੇ ਕਿਹਾ ਕਿ ਜਦੋਂ ਕੰਪਨੀ ਨੂੰ ਪਤਾ ਲੱਗਾ ਕਿ ਕਰਮਚਾਰੀ ਨੇ ਅਜਿਹੀਆਂ ਪੋਸਟਾਂ ਸੋਸ਼ਲ ਮੀਡੀਾ ’ਤੇ ਪੋਸਟ ਕੀਤੀਆਂ ਹਨ ਤਾਂ ਉਸ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ।
ਮੰਗਲਵਾਰ ਦੁਪਹਿਰ ਨੂੰ ਅਮਰੀਕਾ ਸਥਿਤ StopAntiSemitism.org ਨੇ ਕਥਿਤ ਤੌਰ ’ਤੇ ਇੰਸਟਾਗ੍ਰਾਮ ਇਸ ਵਿਅਕਤੀ ਵਲੋਂ ਕੀਤੀਆਂ ਗਈਆਂ ਪੋਸਟਾਂ ਨੂੰ ਸ਼ੇਅਰ ਕੀਤੀਆਂ, ਜਿਸ ਦੀ ਪਹਿਚਾਣ ਏਅਰ ਕੈਨੇਡਾ ਦੇ ਪਾਇਲਟ ਵਜੋਂ ਹੋਈ ਸੀ। ਉਕਤ ਪਾਇਲਟ ਦੀ ਪਹਿਚਾਣ ਮੁਤਸਫਾ ਏਜ਼ੇ ਵਜੋਂ ਹੋਈ ਹੈ, ਜਿਸ ਕਿ ਫਲਸਤੀਨ ਪੱਖੀ ਸੀ। ਉਸ ਨੇ ਪਾਇਲਟ ਦੀ ਵਰਦੀ ਪਹਿਨੀ ਹੋਈ ਸੀ ਅਤੇ ਮਾਂਟਰੀਆਲ ’ਚ ਇੱਕ ਪ੍ਰਦਰਸ਼ਨ ਦੌਰਾਨ ਉਸ ਨੇ ਚਿੰਨ੍ਹ ਫੜਿਆਂ ਹੋਇਆ ਸੀ, ਜਿਸ ’ਚ ਹਿਟਲਰ ਦਾ ਹਵਾਲਾ ਦਿੱਤਾ ਗਿਆ।
ਕਥਿਤ ਤੌਰ ’ਤੇ ਏਜ਼ੋ ਨਾਲ ਸੰਬੰਧਿਤ ਇੰਸਟਾਗ੍ਰਾਮ ਅਕਾਊਂਟ ਦੇ ਇੱਕ ਸਕਰੀਨਸ਼ਾਟ ’ਚ ਇੱਕ ਕੈਪਸ਼ਨ ਨਾਲ ਵਿਰੋਧ ਨੂੰ ਉਤਸ਼ਾਹਿਤ ਕੀਤਾ। ਕੈਪਸ਼ਨ ’ਚ ਲਿਖਿਆ ਸੀ ‘ਨਰਕ ’ਚ ਜਾਓ’। ਇੱਕ ਹੋਰ ਪੋਸਟ ’ਚ ਏਜ਼ੋ ਨੂੰ ਇੱਕ ਤਖਤੀ ਫੜ ਕੇ ਦਿਖਾਇਆ ਗਿਆ ਹੈ, ਜਿਸ ’ਚ ਇੱਕ ਇਜ਼ਰਾਈਲੀ ਝੰਡੇ ਨੂੰ ਕੂੜੇਦਾਨ ’ਚ ਸੁੱਟਿਆ ਜਾ ਰਿਹਾ ਹੈ ਅਤੇ ਕੈਪਸ਼ਨ ’ਚ ਲਿਖਿਆ ਹੈ, ‘ਦੁਨੀਆ ਨੂੰ ਸਾਫ਼ ਰੱਖੋ।’ ਹਾਲਾਂਕਿ ਏਜ਼ੋ ਨਾਲ ਸੰਬੰਧਿਤ ਇਨ੍ਹਾਂ ਲਿੰਕਾਂ ਨੂੰ ਹਟਾ ਦਿੱਤਾ ਗਿਆ ਹੈ।
ਏਅਰ ਕੈਨੇਡਾ ਦੇ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ, ਏਅਰ ਲਾਈਨ ਪਾਇਲਟ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹ ਮੱਧ ਪੂਰਬ ’ਚ ਵਾਪਰੇ ਦੁਖਾਂਤਾਂ ਤੋਂ ਬਹੁਤ ਦੁਖੀ ਹਨ। ਅਸੀਂ ਹਰ ਤਰ੍ਹਾਂ ਦੀ ਹਿੰਸਾ ਅਤੇ ਨਫ਼ਰਤ ਅਤੇ ਇਸ ਦੇ ਕਿਸੇ ਵੀ ਪ੍ਰਚਾਰ ਦੀ ਨਿੰਦਾ ਕਰਦੇ ਹਾਂ। ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਇਹ ਸਾਡੀ ਪੱਕੀ ਉਮੀਦ ਹੈ ਕਿ ਸਾਡੇ ਸਾਰੇ ਮੈਂਬਰ ਇਸ ਸਿਧਾਂਤ ਅਤੇ ਸਾਡੀ ਪੇਸ਼ੇਵਰ ਨੈਤਿਕਤਾ ਦੀ ਪਾਲਣਾ ਕਰਦੇ ਹਨ।
ਦੱਸਣਯੋਗ ਹੈ ਕਿ ਪਿਛਲੇ ਹਫਤੇ ਇਜ਼ਰਾਈਲ ’ਚ ਹਮਾਸ ਦੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲਿਆਂ ਅਤੇ ਗਾਜ਼ਾ ’ਚ ਉਸ ਦੀ ਜਵਾਬੀ ਫੌਜੀ ਕਾਰਵਾਈ ਤੋਂ ਬਾਅਦ ਮਾਂਟਰੀਅਲ ’ਚ ਇਹ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ ਸੀ। ਬੁੱਧਵਾਰ ਨੂੰ ਪੰਜਵੇਂ ਦਿਨ ’ਚ ਦਾਖਲ ਹੋਏ ਇਸ ਸੰਘਰਸ਼ ’ਚ ਦੋਹਾਂ ਪਾਸਿਆਂ ਦੇ ਘੱਟੋ-ਘੱਟ 2,300 ਲੋਕ ਮਾਰੇ ਗਏ ਸਨ।