ਨਵੀਂ ਦਿੱਲੀ: ਅਕਤੂਬਰ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। NCR ਸ਼ਹਿਰਾਂ ਵਿੱਚ ਸਭ ਤੋਂ ਮਾੜੀ ਸਥਿਤੀ ਗਾਜ਼ੀਆਬਾਦ ਦੀ ਹੈ, ਜਿੱਥੇ ਬੁੱਧਵਾਰ ਨੂੰ ਗੁਣਵੱਤਾ ਸੂਚਕ ਅੰਕ 226 ਤਕ ਪਹੁੰਚ ਗਿਆ। ਇਸੇ ਤਰ੍ਹਾਂ, ਗੁਰੂਗ੍ਰਾਮ ਸ਼ਹਿਰ ਵਿੱਚ, AQI 200 ਤੋਂ ਪਾਰ ਪਹੁੰਚ ਗਿਆ ਹੈ। ਇਸ ਦੌਰਾਨ ਕੁਝ ਲੋਕਾਂ ਨੇ ਅੱਖਾਂ ‘ਚ ਜਲਣ ਦੀ ਸ਼ਿਕਾਇਤ ਵੀ ਕੀਤੀ ਹੈ। ਇਸ ਦੇ ਪਿੱਛੇ ਸਮੈਗ ਦੱਸਿਆ ਜਾ ਰਿਹਾ ਹੈ। ਦਿੱਲੀ-ਐਨਸੀਆਰ ਵਿੱਚ ਧੂੰਏਂ ਕਾਰਨ ਵਿਜ਼ੀਬਿਲਟੀ ਵੀ ਘੱਟ ਗਈ ਹੈ।
ਬਾਰਿਸ਼ ਰੁਕਣ ਤੇ ਮੌਨਸੂਨ ਦੇ ਰਵਾਨਾ ਹੁੰਦੇ ਹੀ ਦਿੱਲੀ-ਐਨਸੀਆਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਵਧਣਾ ਸ਼ੁਰੂ ਹੋ ਗਿਆ ਹੈ। ਦਿੱਲੀ-ਐਨਸੀਆਰ ਵਿੱਚ ਆਨੰਦ ਵਿਹਾਰ, ਧੌਲਾ ਕੁਆਂ, ਆਸ਼ਰਮ, ਲਾਜਪਤਨਗਰ, ਪੀਰਾਗੜ੍ਹੀ, ਮਧੂਬਨ ਚੌਕ, ਵਜ਼ੀਰਾਬਾਦ ਅਤੇ ਬਦਰਪੁਰ ਸਰਹੱਦ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ 200 ਦੇ ਨੇੜੇ ਪਹੁੰਚ ਰਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦੀ ਰੋਕਥਾਮ ਦੇ ਮੱਦੇਨਜ਼ਰ, ਇੱਕ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਲਾਗੂ ਕੀਤਾ ਗਿਆ ਹੈ। ਇਸ ਤਹਿਤ ਕਈ ਪੜਾਵਾਂ ਵਿੱਚ ਪਾਬੰਦੀਆਂ ਲਗਾਈਆਂ ਜਾਣਗੀਆਂ। ਦਰਅਸਲ, AQI ਦੇ 300 ਨੂੰ ਪਾਰ ਕਰਦੇ ਹੀ ਦਿੱਲੀ-ਐਨਸੀਆਰ ਵਿੱਚ ਡੀਜ਼ਲ ਜਨਰੇਟਰਾਂ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।
ਨਵੰਬਰ 2021 ਤੋਂ ਬਾਅਦ ਦਸੰਬਰ ਵਿੱਚ ਵੀ ਦਿੱਲੀ ਦੇ ਪ੍ਰਦੂਸ਼ਣ ਨੇ ਨਵਾਂ ਰਿਕਾਰਡ ਬਣਾਇਆ ਸੀ। ਪਿਛਲੇ ਛੇ ਸਾਲਾਂ ਵਿੱਚ ਜਿੱਥੇ ਨਵੰਬਰ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ, ਉੱਥੇ ਹੀ ਦਸੰਬਰ ਵਿੱਚ ਪਿਛਲੇ ਸੱਤ ਸਾਲਾਂ ਦੌਰਾਨ ਪਹਿਲੀ ਵਾਰ ਅਜਿਹਾ ਹੋਇਆ, ਜਦੋਂ ਕਿ ਦਿੱਲੀ ਵਾਸੀਆਂ ਨੂੰ ਲਗਾਤਾਰ ਛੇ ਦਿਨ ਜ਼ਹਿਰੀਲੀ ਹਵਾ ਵਿੱਚ ਸਾਹ ਲੈਣਾ ਪਿਆ।
ਅਗਸਤ ਮਹੀਨੇ ਵਿੱਚ 31 ਵਿੱਚੋਂ ਇੱਕ ਦਿਨ ਵੀ ਸਾਫ਼ ਹਵਾ ਨਹੀਂ ਮਿਲੀ। ਔਸਤ AQI ਦੀ ਗੱਲ ਕਰੀਏ ਤਾਂ ਇਹ 2015 ਵਿੱਚ ਸਭ ਤੋਂ ਘੱਟ 298 ਅਤੇ 2016 ਵਿੱਚ ਸਭ ਤੋਂ ਵੱਧ 364 ਸੀ। ਇਹ 2017 ਵਿੱਚ 314, 2018 ਵਿੱਚ 358, 2019 ਵਿੱਚ 336, 2020 ਵਿੱਚ 332 ਅਤੇ 2021 ਵਿੱਚ 336 ਸੀ।