ਟੀਮ ਇੰਡੀਆ ਕੋਲ ਫਰਵਰੀ 2023 ਤੋਂ ਕੋਈ ਮੁੱਖ ਚੋਣਕਾਰ ਨਹੀਂ ਹੈ ਅਤੇ ਇਸ ਸਮੇਂ ਸ਼ਿਵਸੁੰਦਰ ਦਾਸ ਕਾਰਜਕਾਰੀ ਮੁੱਖ ਚੋਣਕਾਰ ਦੀ ਭੂਮਿਕਾ ਨਿਭਾ ਰਹੇ ਹਨ। ਪਰ ਜੁਲਾਈ ਵਿੱਚ ਬੀਸੀਸੀਆਈ ਇੱਕ ਵਾਰ ਫਿਰ ਚੀਫ਼ ਸਿਲੈਕਟਰ ਦੇ ਖਾਲੀ ਅਹੁਦੇ ਨੂੰ ਭਰੇਗਾ, ਜੋ ਚੇਤਨ ਸ਼ਰਮਾ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਪਿਆ ਹੈ। ਸਾਬਕਾ ਤੇਜ਼ ਗੇਂਦਬਾਜ਼ ਚੇਤਨ ਸ਼ਰਮਾ ਟੀਮ ਪ੍ਰਬੰਧਨ ਦੀਆਂ ਗੁਪਤ ਗੱਲਾਂ ਨੂੰ ਲੀਕ ਕਰਨ ਦੇ ਸਟਿੰਗ ਆਪ੍ਰੇਸ਼ਨ ‘ਚ ਫਸ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਦੂਜਾ ਕਾਰਜਕਾਲ ਪੂਰਾ ਕੀਤੇ ਬਿਨਾਂ ਹੀ ਅਹੁਦਾ ਛੱਡਣਾ ਪਿਆ ਸੀ। ਮੁੱਖ ਚੋਣਕਾਰ ਦੇ ਅਹੁਦੇ ਲਈ ਇਕ ਵਾਰ ਫਿਰ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹਾਲ ਹੀ ਵਿਚ ਚੋਣਕਾਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਸਨ, ਜਿਸ ਦੀ ਆਖਰੀ ਮਿਤੀ 30 ਜੂਨ ਹੈ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਇਸ ਅਹੁਦੇ ਲਈ ਕੁਝ ਨਾਵਾਂ ਨੂੰ ਸ਼ਾਰਟਲਿਸਟ ਕਰੇਗੀ ਅਤੇ 1 ਜੁਲਾਈ ਨੂੰ ਇੰਟਰਵਿਊ ਕਰੇਗੀ। ਇਸ ਤੋਂ ਪਹਿਲਾਂ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਨਾਂ ਇਸ ਅਹੁਦੇ ਲਈ ਚਰਚਾ ‘ਚ ਸੀ ਪਰ ਸਹਿਵਾਗ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਿਸੇ ਅਧਿਕਾਰੀ ਨੇ ਉਨ੍ਹਾਂ ਨੂੰ ਇਸ ਅਹੁਦੇ ਲਈ ਅਰਜ਼ੀ ਦੇਣ ਲਈ ਨਹੀਂ ਕਿਹਾ ਹੈ।
ਇਸ ਤੋਂ ਪਹਿਲਾਂ ਜਦੋਂ ਮੌਜੂਦਾ ਚੋਣ ਕਮੇਟੀ ਬਣੀ ਸੀ ਤਾਂ ਇਸ ਦੀ ਚੋਣ ਤੋਂ ਪਹਿਲਾਂ ਵੀ ਅਗਰਕਰ ਦਾ ਨਾਂ ਚੋਣਕਾਰਾਂ ਦੀ ਦੌੜ ਵਿੱਚ ਸਭ ਤੋਂ ਅੱਗੇ ਦੱਸਿਆ ਜਾਂਦਾ ਸੀ ਪਰ ਫਿਰ ਇਹ ਅਟਕਲਾਂ ਗਲਤ ਸਾਬਤ ਹੋਈਆਂ। ਪਰ ਇਸ ਵਾਰ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਉੱਚ ਦਬਾਅ ਵਾਲੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਨ।
ਜੇਕਰ ਅਗਰਕਰ ਟੀਮ ਇੰਡੀਆ ਦੇ ਚੋਣਕਾਰ ਬਣਦੇ ਹਨ ਤਾਂ ਇਸ ਵਾਰ 5 ਮੈਂਬਰੀ ਚੋਣ ਕਮੇਟੀ ‘ਚ ਪੱਛਮੀ ਜ਼ੋਨ ਤੋਂ 2 ਚੋਣਕਾਰ ਹੋਣਗੇ, ਜਦਕਿ ਉੱਤਰੀ ਜ਼ੋਨ ਦੀ ਪ੍ਰਤੀਨਿਧਤਾ ਨਹੀਂ ਹੋਵੇਗੀ। 45 ਸਾਲਾ ਸਾਬਕਾ ਤੇਜ਼ ਗੇਂਦਬਾਜ਼ ਨੇ ਭਾਰਤ ਲਈ 26 ਟੈਸਟ, 191 ਵਨਡੇ ਅਤੇ 4 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਦੇ ਸਪੋਰਟ ਸਟਾਫ ਦਾ ਹਿੱਸਾ ਰਿਹਾ ਹੈ।