Site icon TV Punjab | Punjabi News Channel

ਅਕਾਲ ਤਖ਼ਤ ਸਾਹਿਬ ਵਿਖੇ ਬੁੱਧੀਜੀਵੀਆਂ ਦੀ ਮੀਟਿੰਗ, ਸੁਖਬੀਰ ਬਾਦਲ ਬਾਰੇ ਹੋਵੇਗਾ ਵਿਚਾਰ

ਡੈਸਕ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਾਰਮਿਕ ਤੇ ਸਿਆਸੀ ਭਵਿੱਖ ਬਾਰੇ ਅੱਜ ਫੈਸਲਾ ਵਿਚਾਰਿਆ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਸੱਦੀ ਹੈ, ਜਿਸ ਵਿੱਚ ਸੁਖਬੀਰ ਬਾਦਲ ਦੇ ਤਨਖਾਈਏ ਮਾਮਲੇ ਬਾਰੇ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨਾਲ ਮਿਲ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਸ ਮੀਟਿੰਗ ਵਿੱਚ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਸੰਭਾਵੀ ਧਾਰਮਿਕ ਸਜ਼ਾ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਵਿਚਾਰ ਚਰਚਾ ਵਿੱਚ ਕੁੱਲ 18 ਸਿੱਖ ਵਿਦਵਾਨ ਅਤੇ ਬੁੱਧੀਜੀਵੀ ਹਿੱਸਾ ਲੈਣਗੇ।
ਇਨ੍ਹਾਂ ਮੈਂਬਰਾਂ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਮਨਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਜਸਪਾਲ ਸਿੰਘ, ਇੰਦਰਜੀਤ ਸਿੰਘ ਗੋਗੋਆਣੀ, ਅਮਰਜੀਤ ਸਿੰਘ, ਹਰਸਿਮਰਨ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਹਮੀਰ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੁਝ ਸੀਨੀਅਰ ਪੱਤਰਕਾਰਾਂ ਨੂੰ ਵੀ ਸੱਦਿਆ ਗਿਆ ਹੈ।

ਸੁਖਬੀਰ ਬਾਦਲ ਤਨਖਾਹੀਆ ਕਰਾਰ
ਅਕਾਲੀ ਦਲ ਨਾਲ ਜੁੜੇ ਅਸੰਤੁਸ਼ਟ ਆਗੂਆਂ ਨੇ ਅਕਾਲੀ ਸਰਕਾਰ (2007-2017) ਦੌਰਾਨ ਲਏ ਗਏ ਕੁਝ ਧਾਰਮਿਕ ਫੈਸਲਿਆਂ ‘ਤੇ ਸਵਾਲ ਉਠਾਏ ਸਨ, ਜੋ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਿੱਖ ਧਰਮ ਦੇ ਹਿੱਤਾਂ ਦੇ ਖਿਲਾਫ ਹਨ। ਇਸ ਤੋਂ ਬਾਅਦ 30 ਅਗਸਤ 2024 ਨੂੰ ਅਕਾਲ ਤਖ਼ਤ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਪਰ ਅੱਜ ਤੱਕ ਕੋਈ ਸਜ਼ਾ ਨਹੀਂ ਦਿੱਤੀ ਗਈ।

ਤਨਖਾਹੀਆ ਐਲਾਨੇ ਜਾਣ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਉਪ ਚੋਣਾਂ ਵਿਚ ਪ੍ਰਚਾਰ ਕਰਨ ਜਾਂ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕਾਰਨ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਤੋਂ ਦੂਰੀ ਬਣਾ ਲਈ ਸੀ। ਉਂਜ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਵਿੱਚ ਅਕਾਲੀ ਦਲ ਦਾ ਸਮਰਥਨ ਪ੍ਰਾਪਤ ਉਮੀਦਵਾਰ ਪ੍ਰਧਾਨ ਬਣ ਗਿਆ ਹੈ।

Exit mobile version