ਵਾਲਮੀਕਿ ਸਮਾਜ ਵਲੋਂ 12 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

ਚੰਡੀਗੜ੍ਹ- ਐਡਵੋਕੇਟ ਅਨਮੋਲ ਰਤਨ ਸਿੰਘ ਸਿੱਧੂ ਵੱਲੋਂ ਐੱਸਸੀ/ਬੀਸੀ ਵਰਗ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਵਿਰੋਧ ’ਚ 12 ਅਗਸਤ ਨੂੰ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਹ ਸੱਦਾ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਸੰਯੁਕਤ ਰੂਪ ’ਚ ਕੀਤਾ ਗਿਆ ਹੈ। ਮਾਮਲੇ ਨੂੰ ਲੈ ਕੇ ਚੰਡੀਗੜ੍ਹ ’ਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਦੌਰਾਨ ਮਸਲੇ ਦਾ ਸਕਾਰਾਤਮਕ ਹੱਲ ਨਾ ਕੱਢੇ ਜਾਣ ਕਾਰਨ ਉਕਤ ਐਲਾਨ ਕੀਤਾ ਗਿਆ।

ਸੂਤਰਾਂ ਅਨੁਸਾਰ, ਇਹ ਐਲਾਨ ਬਾਲਮੀਕੀ ਤੀਰਥ ਅਸਥਾਨ ਅੰਮ੍ਰਿਤਸਰ ਤੋਂ ਜਾਰੀ ਹੁਕਮਾਂ ਵਿੱਚ ਕੀਤਾ ਗਿਆ ਹੈ। ਇਸ ਦਿਨ ਪੰਜਾਬ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦਿਨ ਭਾਵ ਸ਼ੁੱਕਰਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤਕ ਪੰਜਾਬ ਪੂਰੀ ਤਰ੍ਹਾਂ ਬੰਦ ਰਹੇਗਾ। ਵਾਲਮੀਕਿ ਦੇ ਪਵਿੱਤਰ ਅਸਥਾਨ ਤੋਂ ਜਾਰੀ ਹੁਕਮਨਾਮੇ ਦੇ ਫੈਸਲੇ ‘ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਉਂਦਿਆਂ 12 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ।

ਇਸ ਦੌਰਾਨ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਦੇ ਪ੍ਰਧਾਨ ਅਜੇ ਖੋਸਲਾ, ਉਪ ਪ੍ਰਧਾਨ ਵਿੱਕੀ ਚੀਦਾ ਤੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਕਿਹਾ ਕਿ ਸੰਗਠਨਾਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਪਾਰਟੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਜਿਸ ਕਾਰਨ ਸਮਾਜ ਵਿਚ ਭਾਰੀ ਰੋਹ ਹੈ। ਮਾਮਲੇ ਨੂੰ ਲੈ ਕੇ ਪਾਵਨ ਵਾਲਮੀਕਿ ਤੀਰਥ ਅਸਥਾਨ ਤੋਂ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਉਸ ਦੇ ਆਧਾਰ ’ਤੇ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਧੂਣਾ ਸਾਹਿਬ ਟਰੱਸਟ ਗੱਦੀਨਸ਼ੀਨ ਵਿਸ਼ਵ ਧਰਮ ਮਹਾਸਭਾ ਸਰਪ੍ਰਸਤ ਸੰਤ ਮਲਕੀਤ ਨਾਥ ਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਕਿਹਾ ਕਿ ਪੰਜਾਬ ਸਰਕਾਰ ਖ਼ਿਲਾਫ਼ ਜਥੇਬੰਦੀਆਂ ਵੱਲੋਂ 12 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਦਾ ਵਾਲਮੀਕ ਸੰਤ ਸਮਾਜ ਵੱਲੋਂ ਕੋਈ ਸਮਰਥਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਥੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਯਤਨਾਂ ਸਦਕਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਨ ਹਿੱਤ ਲਈ ਕੰਮ ਕੀਤੇ ਜਾ ਰਹੇ ਹਨ ਚੰਗੇ ਕੰਮ ਵਿਰੋਧੀ ਧਿਰ ਨੂੰ ਨਾ ਹੁੰਦਿਆਂ ਹੋਏ ਉਥੇ ਕਈ ਜਥੇਬੰਦੀਆਂ ਦੇ ਆਗੂ ਵਿਰੋਧੀ ਧਿਰ ਦੀਆਂ ਰਾਜਨੀਤਿਕ ਪਾਰਟੀਆਂ ਨਾਲ ਸਬੰਧ ਰੱਖਦੇ ਹੋਏ ਵਾਲਮੀਕ ਸਮਾਜ ਨੂੰ ਗੁੰਮਰਾਹ ਕਰਦੇ ਹੋਏ ਜਾਣ ਬੁੱਝ ਕੇ ਬੰਦ ਦੀਆਂ ਅਫਵਾਹਾਂ ਫੈਲਾ ਰਹੇ ਹਨ।