ਚੰਡੀਗੜ੍ਹ- ਲੰਮੀ ਕਸ਼ਮਕਸ਼ ਤੋਂ ਬਾਅਦ ਆਖਿਰਕਾਰ ਸ਼੍ਰੌਮਣੀ ਅਕਾਲੀ ਦਲ ਨੇ ਸਖਤ ਫੈਸਲਾ ਲੈਂਦਿਆਂ ਹੋਇਆ ਆਪਣੀ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ । ਅਨੁਸ਼ਾਸਨੀ ਕਮੇਟੀ ਨੇ ਪ੍ਰੈਸ ਕਾਨਫਰੰਸ ਕਰ ਪਾਰਟੀ ਦੇ ਫੈਸਲੇ ਦਾ ਐਲਾਨ ਕੀਤਾ । ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਬੀਬੀ ਨਾਲ ਕਿਸੇ ਵੀ ਤਰ੍ਹਾਂ ਦਾ ਰਾਬਤਾ ਨਾ ਰਖਣ ਦੀ ਅਪੀਲ ਕੀਤੀ ਹੈ ।
ਅਕਾਲੀ ਦਲ ਵਲੋਂ ਬੀਬੀ ਜਗੀਰ ਨੂੰ ਸੋਮਵਾਰ 12 ਵਜੇ ਤੱਕ ਮੁੱਖ ਦਫਤਰ ਵਿਖੇ ਪੇਸ਼ ਹੋਣ ਲਈ ਕਿਹਾ ਸੀ । ਪਰ ਬੀਬੀ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ । ਇੱਥੋਂ ਤਕ ਕੇ ਇਕ ਦਿਨ ਪਹਿਲਾਂ ਹੀ ਬੀਬੀ ਜਗੀਰ ਕੌਰ ਨੇ ਪ੍ਰੈਸ ਕਾਨਫਰੰਸ ਕਰ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ ।ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਬੀਬੀ ਦੇ ਰਵਈਏ ਪਿੱਛੇ ਭਾਜਪਾ ਦਾ ਹੱਥ ਦੱਸਿਆ ਹੈ । ਵਲਟੋਹਾ ਮੁਤਾਬਿਕ ਪਾਰਟੀ ਵਲੋਂ ਇਸ ਬਾਬਤ ਇਕ ਸਟਿੰਗ ਵੀ ਕਰਵਾਇਆ ਗਿਆ ਹੈ । ਜਿਸ ਵਿੱਚ ਪ੍ਰੌਫੈਸਰ ਸਰਚੰਦ ਸਿੰਘ ਅਕਾਲੀ ਨੇਤਾਵਾਂ ਨੂੰ ਤੋੜਨ ਦਾ ਕੰਮ ਕਰ ਰਹੇ ਸਨ । ਵਲਟੋਹਾ ਨੇ ਇਕ ਆਡਿਓ ਕਲਿੱਪ ਮੀਡੀਆ ਸਾਹਮਨੇ ਪੇਸ਼ ਕੀਤਾ ਹੈ ।
ਜ਼ਿਕਰਯੋਗ ਹੈ ਕਿ ਸ਼੍ਰੌਮਣੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਨ ਨੂੰ ਲੈ ਕੇ ਬੀਬੀ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਗੱਲਬਾਤ ਕੀਤੀ ਗਈ ਸੀ ।ਬੀਬੀ ਮੁਤਾਬਿਕ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਪਾਰਟੀ ਚ ਲਿਫਾਫਾ ਕਲਚਰ ਖਤਮ ਕਰਨ ਲਈ ਕਿਹਾ ਸੀ । ਅਕਾਲੀ ਦਲ ਨੇ ਇਸ ਨੂੰ ਅਨੁਸ਼ਾਸਨਹੀਨਤਾ ਮੰਨਦੇ ਹੋਏ ਬੀਬੀ ਨੂਝੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਸੀ ।