ਲਾਦੇਨ ਦੇ ਸਾਥੀ ਅਲ ਜ਼ਵਾਹਰੀ ਨੂੰ ਅਮਰੀਕਾ ਨੇ ਕੀਤਾ ਢੇਰ, ਬਾਇਡਨ ਨੇ ਕੀਤੀ ਪੁਸ਼ਟੀ

ਵਾਸ਼ੀਂਗਟਨ – ਅਮਰੀਕਾ ਨੇ ਆਪਣੇ ਦੁਸ਼ਮਨਾਂ ਦੀ ਲਿਸਟ ਵਿਚੋ ਇਕ ਹੋਰ ਨਾਮ ਨੂੰ ਹਟਾ ਦਿੱਤਾ ਹੈ । ਅਮਰੀਕੀ ਕੇਂਦਰੀ ਖੁਫੀਆ ਏਜੰਸੀ (CIA) ਨੇ ਅਫ਼ਗ਼ਾਨਿਸਤਾਨ ਦੇ ਕਾਬੁਲ ਵਿਖੇ ਇੱਕ ਡਰੋਨ ਹਮਲੇ ‘ਚ ਅਲ-ਕਾਇਦਾ ਮੁਖੀ ਅਯਮਨ ਅਲ-ਜ਼ਵਾਹਰੀ ਨੂੰ ਮਾਰ ਦਿੱਤਾ ਹੈ। ਇਸ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪੁਸ਼ਟੀ ਕੀਤੀ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਅੱਤਵਾਦੀਆਂ ਲਈ ਵੱਡਾ ਝਟਕਾ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸਮੂਹ ਨੂੰ 2011 ਦੇ ਆਪਣੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੋਂ ਬਾਅਦ ਸਭ ਤੋਂ ਵੱਡਾ ਝਟਕਾ ਲੱਗਾ ਹੈ।

ਬਾਇਡਨ ਨੇ ਕਿਹਾ ਕਿ ਜਵਾਹਿਰੀ ਨੇ “ਅਮਰੀਕੀ ਨਾਗਰਿਕਾਂ ਵਿਰੁੱਧ ਕਤਲ ਅਤੇ ਹਿੰਸਾ ਦਾ ਰਾਹ ਤਿਆਰ ਕੀਤਾ”। ਹੁਣ ਨਿਆਂ ਹੋ ਗਿਆ ਹੈ ਅਤੇ ਇਹ ਅੱਤਵਾਦੀ ਨੇਤਾ ਨਹੀਂ ਰਿਹਾ ਉਸਨੇ ਕਿਹਾ।ਅਧਿਕਾਰੀਆਂ ਨੇ ਦੱਸਿਆ ਕਿ ਜਵਾਹਿਰੀ ਇਕ ਸੁਰੱਖਿਅਤ ਘਰ ਦੀ ਬਾਲਕੋਨੀ ਵਿਚ ਸੀ ਜਦੋਂ ਡਰੋਨ ਨੇ ਉਸ ‘ਤੇ ਦੋ ਮਿਜ਼ਾਈਲਾਂ ਦਾਗੀਆਂ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਹੋਰ ਮੈਂਬਰ ਮੌਕੇ ‘ਤੇ ਮੌਜੂਦ ਸਨ, ਪਰ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਸਿਰਫ ਜਵਾਹਿਰੀ ਮਾਰਿਆ ਗਿਆ।2011 ਵਿੱਚ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਜਵਾਹਿਰੀ ਨੇ ਅਲ-ਕਾਇਦਾ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਸੀ। ਉਹ ਅਤੇ ਬਿਨ ਲਾਦੇਨ ਅਮਰੀਕਾ ‘ਤੇ 9/11 ਦੇ ਹਮਲਿਆਂ ਦੇ ਮਾਸਟਰਮਾਈਂਡ ਸਨ।ਜਵਾਹਿਰੀ ਅਮਰੀਕਾ ਦੇ “ਮੋਸਟ ਵਾਂਟੇਡ ਅੱਤਵਾਦੀਆਂ” ਵਿੱਚੋਂ ਇੱਕ ਸੀ।

ਡਾਕਟਰ ਅਤੇ ਸਰਜਨ ਅਲ-ਜਵਾਹਰੀ ਨੇ ਸੰਯੁਕਤ ਰਾਜ ਵਿੱਚ 11 ਸਤੰਬਰ, 2001 ਦੇ ਹਮਲਿਆਂ ਵਿੱਚ ਚਾਰ ਜਹਾਜ਼ਾਂ ਨੂੰ ਹਾਈਜੈਕ ਕਰਨ ਵਿੱਚ ਮਦਦ ਕੀਤੀ ਸੀ। ਇਨ੍ਹਾਂ ‘ਚ 2 ਜਹਾਜ਼ ਵਰਲਡ ਟਰੇਡ ਸੈਂਟਰ (WTC) ਦੇ ਦੋਵੇਂ ਟਾਵਰਾਂ ਨਾਲ ਟਕਰਾ ਗਏ। ਜਦਕਿ ਤੀਜਾ ਜਹਾਜ਼ ਅਮਰੀਕੀ ਰੱਖਿਆ ਮੰਤਰਾਲੇ ਯਾਨੀ ਪੈਂਟਾਗਨ ਨਾਲ ਟਕਰਾ ਗਿਆ। ਚੌਥਾ ਜਹਾਜ਼ ਸ਼ੰਕਵਿਲੇ ਦੇ ਇੱਕ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿੱਚ 3000 ਲੋਕ ਮਾਰੇ ਗਏ ਸਨ।