ਅਮਰੀਕਾ ‘ਚ ਅਗਵਾ ਹੋਏ ਪੰਜਾਬੀ ਪਰਿਵਾਰ ਦਾ ਹੋਇਆ ਅੰਤ, ਟਾਂਡਾ ‘ਚ ਸੋਗ

ਟਾਂਡਾ- ਅਮਰੀਕਾ ਦੇ ਮਰਸੈਡ ਕੌਂਟੀ ਸ਼ੈਰਿਫ ਕੈਲੇਫੋਰਨੀਆ ‘ਤੋਂ ਪੰਜਾਬੀ ਮੂਲ ਦੇ ਅਗ਼ਵਾ ਕੀਤੇ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦੀ ਪੁਸ਼ਟੀ ਮਰਸੈਡ ਕੌਂਟੀ ਸ਼ੈਰਿਫ ਆਫਿਸ ਵਲੋਂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕ ਲੋਕਾਂ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਡਾ. ਰਣਧੀਰ ਸਿੰਘ, ਭਰਾ ਜਸਦੀਪ ਸਿੰਘ ਉਸਦੀ ਪਤਨੀ ਜਸਲੀਨ ਕੌਰ ਤੇ 8 ਮਹੀਨੇ ਦੀ ਬੱਚੀ ਅਰੂਹੀ ਵਾਸੀ ਹਰਸੀ ਪਿੰਡ ਟਾਂਡਾ ਉੜਮੁੜ ਹਾਲ ਵਾਸੀ ਮਰਸੈਡ ਕੌਂਟੀ ਸ਼ੈਰਿਫ ਕੈਲੇਫੋਰਨੀਆ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੁਝ ਅਗਵਾਕਾਰਾਂ ਵਲੋਂ ਅਮਨਦੀਪ ਸਿੰਘ ਉਸਦੇ ਭਰਾ ਭਰਜਾਈ ਤੇ 8 ਮਹੀਨੇ ਦੀ ਬੱਚੀ ਨੂੰ ਉਨ੍ਹਾਂ ਦੇ ਮਰਸੈਡ ਕੌਟੀ ਸ਼ੈਰਿਫ ਕੈਲੇਫੋਰਨੀਆ ਦਫਤਰ ‘ਚੋਂ ਅਗਵਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਸੀ। ਇਸ ਅਗਵਾ ਕਰਨ ਦੀ ਵਾਰਦਾਤ ਦੀ ਸੂਚਨਾ ਕੈਲੇਫੋਰਨੀਆ ਪੁਲਿਸ ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਵਲੋਂ ਭਾਲ ਕਰਦਿਆਂ ਅਗਵਾ ਦੌਰਾਨ ਉਨ੍ਹਾਂ ਦੀ ਸੜੀ ਹੋਈ ਕਾਰ ਘਟਨਾ ਵਾਲੇ ਸਥਾਨ ਤੋਂ 20 ਕਿੱਲੋਮੀਟਰ ਦੂਰ ਮਿਲੀ ਸੀ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।