ਪਟਿਆਲਾ- ਕਾਂਗਰਸੀਆਂ ਦੇ ਭਾਜਪਾ ਚ ਆਉਣ ‘ਤੇ ਪਾਰਟੀ ਦੇ ਟਕਸਾਲੀ ਨੇਤਾ ਨਾਰਾਜ਼ ਜਾਪ ਰਹੇ ਹਨ ।ਕੁੱਝ ਅਜਿਹਾ ਹਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਚ ਵੇਖਣ ਨੂੰ ਮਿਲ ਰਿਹਾ ਹੈ । 29 ਜਨਵਰੀ ਨੂੰ ਪਟਿਆਲਾ ਵਿਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪਟਿਆਲਾ ਦੇ ਭਾਜਪਾ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ ਨੇ ਦੱਸਿਆ ਕਿ ਕੁਝ ਕਾਰਨਾਂ ਕਰਕੇ ਇਹ ਰੈਲੀ ਮੁਲਤਵੀ ਕੀਤੀ ਗਈ ਹੈ। ਅਗਲੇ ਪ੍ਰੋਗਰਾਮ ਦਾ ਐਲਾਨ ਜਲਦ ਕੀਤੀ ਜਾਵੇਗਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਦੇ ਰੱਦ ਹੋਣ ਪਿੱਛੇ ਪਟਿਆਲਾ ਜ਼ਿਲ੍ਹਾ ਭਾਜਪਾ ਕਾਰਜਕਾਰਨੀ ਵਿਚ ਚੱਲ ਰਹੇ ਵਿਵਾਦ ਨੂੰ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰਾਂ ਦੀ ਵੱਡੀ ਗਿਣਤੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ ਦੇ ਵਿਰੋਧ ਵਿਚ ਹੋ ਚੁੱਕੀ ਹੈ। ਇਹ ਮਸਲਾ ਨਾ ਤਾਂ ਪੰਜਾਬ ਭਾਜਪਾ ਸੰਭਾਲ ਪਾ ਰਹੀ ਹੈ ਤੇ ਨਾ ਹੀ ਨਿਊ ਮੋਤੀ ਬਾਗ ਪੈਲੇਸ ਇਸ ਨੂੰ ਕੰਟਰੋਲ ਕਰ ਪਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਖਿਲਾਫ ਬਗਾਵਤ ਦਾ ਝੰਡਾ ਚੁੱਕਣ ਵਾਲੇ ਟਕਸਾਲੀ ਭਾਜਪਾਈ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਕੇਂਦਰੀ ਮੰਤਰੀ ਦੇ ਸਾਹਮਣੇ ਇਹ ਮਾਮਲਾ ਚੁੱਕਣਗੇ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਦੇ ਦੌਰੇ ਤੋਂ ਪਹਿਲਾਂ ਇਹ ਮਸਲਾ ਨਾ ਸੁਲਝਦਾ ਦੇਖ ਕੇ ਫਿਲਹਾਲ ਇਸ ਰੈਲੀ ਨੂੰ ਪਟਿਾਲਾ ਵਿਚ ਮੁਲਤਵੀ ਕੀਤਾ ਗਿਆ ਹੈ।