ਅਮਰਿੰਦਰ ਬਣੇ ਕਾਂਗਰਸ ਦੇ ਨਵੇਂ ‘ਰਾਜਾ’, ਸੀਨੀਅਰ ਆਗੂਆਂ ਤੋਂ ਮੰਗੀ ਮਦਦ

ਚੰਡੀਗੜ੍ਹ- ਸਾਬਕਾ ਟ੍ਰਾਂਸਪੋਰਟ ਮੰਤਰੀ ਅਤੇ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਯੂਵਾ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ । ਚੰਡੀਗੜ੍ਹ ਕਾਂਗਰਸ ਭਵਨ ਵਿਖੇ ਹੋਏ ਸਾਦੇ ਸਮਾਗਮ ਦੌਰਾਨ ਵੜਿੰਗ ਨੇ ਅਹੁਦੇ ਦੀ ਸੁੰਹ ਚੁੱਕ ਕਾਰਜਭਾਰ ਸਾਂਭਿਆ । ਇਸ ਦੇ ਨਾਲ ਭਾਰਤ ਭੂਸ਼ਣ ਆਸ਼ੂ ਨੇ ਵੀ ਕਾਰਜਭਾਰੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ।ਆਪਣੇ ਸੰਬੋਧਨ ਚ ਕਾਂਗਰਸ ਪ੍ਰਧਾਨ ਵੜਿੰਗ ਨੇ ਸੀਨੀਅਰ ਨੇਤਾਵਾਂ ਤੋਂ ਅਸ਼ੀਰਵਾਦ ਦੇ ਨਾਲ ਨਾਲ ਮਦਦ ਮੰਗੀ ਹੈ ।ਰਾਜਾ ਨੇ ਕਾਂਗਰਸ ਨੂੰ ਮੁੜ ਤਾਕਤਵਰ ਬਨਾਉਣ ਦੀ ਗੱਲ ਕੀਤੀ ਹੈ ।

ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਤਿੰਨ ‘ਡੀ’ ਦੇ ਫਾਰਮੁਲੇ ਨਾਲ ਮੁੜ ਤੋਂ ਸੁਰਜੀਤ ਕਰਣਗੇ ।ਡਿਸੀਪਲਨ , ਡੈਡੀਕੇਸ਼ਨ ਅਤੇ ਡਾਈਲਾਗ ਦੇ ਨੁਕਤਿਆਂ ਨਾਲ ਉਨ੍ਹਾਂ ਕਾਂਗਰਸ ਦੇ ਹਰੇਕ ਵਰਕਰ ਨੂੰ ਕੰਮ ਕਰਨ ਦੀ ਅਪੀਲ ਕੀਤੀ ਹੈ ।ਆਪਣੇ ਤਿਨਾਂ ਨੁਕਤਿਆਂ ਦੇ ਨਾਲ ਉਹ ਕਾਂਗਰਸ ਚ ਮੌਜੂਦ ਬਾਗੀ ਨੇਤਾਵਾਂ ਨੂੰ ਨਸੀਹਤ ਦੇ ਗਏ । ਉਨ੍ਹਾਂ ਕਿਹਾ ਕਿ ਅਨੁਸ਼ਾਸਨ ਦੇ ਨਾਲ ਹੀ ਪਾਰਟੀ ਸੰਭਾਲੀ ਜਾ ਸਕਦੀ ਹੈ । ਡੈਡੀਕੇਸ਼ਨ ਦੇ ਨਾਲ ਜੇ ਕੰਮ ਕੀਤਾ ਜਾਵੇਗਾ ਤਾਂ ਹੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ ।ਇਸਦੇ ਨਾਲ ਡਾਈਲਾਗ ਰਾਹੀਂ ਉਨ੍ਹਾਂ ਸਾਰੀ ਪਾਰਟੀ ਨੂੰ ਇੱਕਜੁੱਟ ਰਖਣ ਦੀ ਗੱਲ ਕੀਤੀ ।ਨਵੇਂ ਪ੍ਰਧਾਨ ਨੇ ਕਿਹਾ ਕਿ ਅਹੁਦਿਆਂ ਦੀ ਨਿਯੁਕਤੀ ਵੇਲੇ ਵੀ ਸਾਰਿਆਂ ਨਾਲ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ ।

ਅੱਜ ਦੇ ਸਮਾਗਮ ਚ ਸਾਰਿਆਂ ਦੀਆਂ ਨਜ਼ਰਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ‘ਤੇ ਰਹੀਆਂ । ਸਿੱਧੂ ਨੇ ਸਮਾਗਮ ਤੋਂ ਦੂਰੀ ਬਣਾ ਕੇ ਕਾਂਗਰਸ ਪਾਰਟੀ ਚ ਗੁੱਟਬਾਜੀ ਅਤੇ ਅਹੁਦੇ ਦੀ ਸਿਆਸਤ ਨੂੰ ਹਵਾ ਦਿੱਤੀ ।ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ,ਉਪ ਨੇਤਾ ਰਾਜ ਕੁਮਾਰ ਚੱਬੇਵਾਲ , ਰਾਜ ਸਭਾ ਮੈਂਬਰ ਸ਼ਮਸ਼ੇਰ ਦੂਲੋ ,ਅੰਬਿਕਾ ਸੋਨੀ , ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ , ਪਾਰਟੀ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਮੇਤ ਤਮਾਮ ਵਿਧਾਇਕ ਅਤੇ ਨੇਤਾ ਹਾਜ਼ਿਰ ਹੋਏ ।