ਚੰਡੀਗੜ੍ਹ ਦੇ ਸਰਕਾਰੀ ਸਕੂਲ ‘ਚ ਮਿਡ-ਡੇ-ਮਿਲ ਬਣਾਉਂਦੇ ਸਮੇਂ ਧਮਾਕਾ, ਕਈ ਮੁਲਾਜ਼ਮ ਝੁਲਸ ਗਏ, ਇਕ ਦੀ ਹਾਲਤ ਗੰਭੀਰ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-10 ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਸਵੇਰੇ ਧਮਾਕਾ ਹੋਇਆ ਹੈ। ਸਕੂਲ ਦੀ ਮੀਡ ਡੇਅ ਮਿੱਲ ਦੀ ਰਸੋਈ ਵਿੱਚ ਸਵੇਰੇ 5 ਵਜੇ ਦੇ ਕਰੀਬ ਕੁੱਕਰ ਵਿੱਚ ਧਮਾਕਾ ਹੋਣ ਕਾਰਨ ਇੱਕ ਮੁਲਾਜ਼ਮ ਝੁਲਸ ਗਿਆ ਅਤੇ ਇਕੱਠੇ ਕੰਮ ਕਰ ਰਹੇ ਹੋਰ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਖੁਸ਼ਕਿਸਮਤੀ ਨਾਲ ਰਸੋਈ ਵਿੱਚ ਰੱਖੇ ਗੈਸ ਸਿਲੰਡਰ ਨੂੰ ਅੱਗ ਨਹੀਂ ਲੱਗੀ, ਨਹੀਂ ਤਾਂ ਹੋਰ ਨੁਕਸਾਨ ਹੋ ਸਕਦਾ ਸੀ।

ਘਟਨਾ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਸ ਨੇ ਜ਼ਖਮੀਆਂ ਨੂੰ ਸਰਕਾਰੀ ਮਲਟੀ ਸਪੈਸ਼ਲਿਸਟ ਹਸਪਤਾਲ ਸੈਕਟਰ-16 ‘ਚ ਦਾਖਲ ਕਰਵਾਇਆ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਵਿਭਾਗ ਦੇ ਅਧਿਕਾਰੀ ਵੀ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚ ਗਏ ਹਨ।

ਡਾਇਰੈਕਟਰ ਸਕੂਲ ਐਜੂਕੇਸ਼ਨ ਬਰਾੜ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਮੁਲਾਜ਼ਮਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਕ ਮੁਲਾਜ਼ਮ ਦੇ ਚਿਹਰਾ ਝੁਲਸ ਗਿਆ ਜਦਕਿ ਦੂਜੇ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮੁਲਾਜ਼ਮਾਂ ਦੇ ਇਲਾਜ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇਸ ਲਈ ਇੱਕ ਕਮੇਟੀ ਬਣਾਈ ਜਾ ਸਕਦੀ ਹੈ।

ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਜ਼ਖਮੀ ਹੈੱਡ ਕੁੱਕ ਨੂੰ ਡਾਕਟਰਾਂ ਨੇ ਜੀ.ਐੱਮ.ਐੱਸ.ਐੱਚ.-16 ਤੋਂ ਪੀ.ਜੀ.ਆਈ. ਲਈ ਰੈਫਰ ਕਰ ਦਿੱਤਾ ਹੈ। ਹੈੱਡ ਕੁੱਕ ਦਾ ਚਿਹਰਾ ਪੂਰੀ ਤਰ੍ਹਾਂ ਝੁਲਸ ਗਿਆ ਹੈ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।