Site icon TV Punjab | Punjabi News Channel

ਅਨਿਲ ਜੋਸ਼ੀ ਨੇ ਕੀਤਾ ਵੱਡਾ ਐਲਾਨ, ਕਿਹਾ ਸਿੰਘੂ ਬਾਰਡਰ ਤੇ ਜਾਵਾਂਗਾ

ਬੀਜੇਪੀ ਵਿੱਚੋਂ ਕੱਢੇ ਜਾਣ ਮਗਰੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕਿਸਾਨੀ ਅੰਦੋਲਨ ਨੂੰ ਸਿਜਦਾ ਤੇ ਕਿਸਾਨਾਂ ਦੇ ਹੌਂਸਲੇ ਨੂੰ ਸਲਾਮ ਕਰਨ ਲਈ ਸਿੰਘੂ ਬਾਰਡਰ ਜਾਣਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਪ੍ਰਵਾਨਗੀ ਨਾਲ ਉਨ੍ਹਾਂ ਨੂੰ ਨਮਸਕਾਰ ਕਰਨ ਲਈ ਜਾਣਗੇ। ਉਹ ਇਸ ਵੇਲੇ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਨਹੀਂ ਹਨ ਤੇ ਇੱਕ ਆਮ ਵਿਅਕਤੀ ਹਨ। ਇਸ ਲਈ ਪਿਛਲੇ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿਲਣ ਜਾਣਗੇ।

ਉਨ੍ਹਾਂ ਕਿਹਾ ਕਿ ਪਾਰਟੀ ਹਾਲੇ ਵੀ ਕਿਸਾਨਾਂ ਦੀ ਗੱਲ ਸੁਣ ਲਏ, ਕਿਸਾਨਾਂ ਦਾ ਮਸਲਾ ਹੱਲ ਕਰ ਦੇਵੇ, ਉਹ ਪਾਰਟੀ ਕੋਲੋਂ ਮਾਫੀ ਮੰਗਣ ਲਈ ਤਿਆਰ ਹਨ। ਜੋਸ਼ੀ ਨੇ ਕਿਹਾ ਹੈ ਕਿ ਲੀਡਰਸ਼ਿਪ ਕਿਸਾਨੀ ਮਸਲਾ ਹੱਲ ਕਰੇ, ਭਾਵੇਂ ਉਨ੍ਹਾਂ ਨੂੰ ਪਾਰਟੀ ਵਿੱਚ ਵਾਪਸ ਨਾ ਲਵੇ। ਜੋਸ਼ੀ ਨੇ ਕਿਹਾ ਭਾਜਪਾ ਦੀ ਪੰਜਾਬ ਲੀਡਰਸ਼ਿਪ ਹਵਾ ‘ਚ ਬੈਠ ਕੇ ਸੂਬੇ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ ਹੈ ਜਦਕਿ ਹਕੀਕਤ ਇਹ ਹੈ ਕਿ ਭਾਜਪਾ ਆਗੂਆਂ ਨੂੰ ਕੋਈ ਪਿੰਡਾਂ ਵਿੱਚ ਦਾਖਲ ਹੋਣ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਸਿਆਸੀ ਪਾਰਟੀ ‘ਚ ਜਾਣ ਦਾ ਇਰਾਦਾ ਨਹੀਂ ਹੈ, ਹਾਲੇ ਉਹ ਮੰਥਨ ਕਰਨਗੇ।

ਜੋਸ਼ੀ ਨੇ ਆਖਿਆ ਕਿ ਉਨ੍ਹਾਂ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਕੇ ਕੋਈ ਗੁਨਾਹ ਨਹੀਂ ਕੀਤਾ, ਜਿਸ ਲਈ ਪਾਰਟੀ ਦੇ ਇਸ ਫੈਸਲੇ ਕਾਰਨ ਸ਼ਰਮਿੰਦਗੀ ਮਹਿਸੂਸ ਹੋਵੇ। ਉਨ੍ਹਾਂ ਸਿਰਫ ਪਾਰਟੀ ਦੀ ਸਾਖ ਨੂੰ ਬਚਾਉਣ ਲਈ ਸਭ ਕੁਝ ਕੀਤਾ ਹੈ, ਇਸ ਲਈ ਪਾਰਟੀ ਵੱਲੋਂ ਕੀਤਾ ਫੈਸਲਾ ਕੋਈ ਸਜ਼ਾ ਨਹੀਂ, ਸਗੋਂ ਉਨ੍ਹਾਂ ਲਈ ਗੋਲਡ ਮੈਡਲ ਹੈ।

ਉਨ੍ਹਾਂ ਕਿਹਾ ਕਿ ਅੱਜ ਪੈਦਾ ਹੋਈ ਸਮੁੱਚੀ ਸਥਿਤੀ ਲਈ ਪੰਜਾਬ ਭਾਜਪਾ ਦੀ ਟੀਮ ਜਿੰਮੇਵਾਰ ਹੈ, ਜੋ ਨਾ ਤਾਂ ਕਿਸਾਨਾਂ ਦੀ ਗੱਲ ਸਹੀ ਸਮੇਂ ’ਤੇ ਸਹੀ ਢੰਗ ਨਾਲ ਕੇਂਦਰ ਕੋਲ ਰੱਖ ਸਕੀ ਤੇ ਨਾ ਹੀ ਭਾਜਪਾ ਵਰਕਰਾਂ ਦੇ ਮਾਣ ਸਨਮਾਨ ਦੀ ਰਾਖੀ ਕਰ ਸਕੀ। ਇਸ ਲਈ ਪੰਜਾਬ ਭਾਜਪਾ ਦੀ ਸਾਖ ਨੂੰ ਵੱਡੀ ਸੱਟ ਲੱਗੀ ਹੈ ਤੇ ਇਸ ਵਾਸਤੇ ਨੈਤਿਕ ਆਧਾਰ ’ਤੇ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਆਪਣੇ ਆਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

 

ਭਾਜਪਾ ਵੱਲੋਂ ਆਪਣੇ ਬਲਬੂਤੇ ’ਤੇ ਪੰਜਾਬ ਵਿਚ 117 ਵਿਧਾਨ ਸਭਾ ਹਲਕਿਆ ਤੋਂ ਚੋਣ ਲੜਨ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਕੁਝ ‘ਮੁੰਗੇਰੀ ਲਾਲ ਦੇ ਸੁਪਨਿਆਂ’ ਵਰਗਾ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਆਗੂ ਦਫਤਰਾਂ ਵਿੱਚ ਬੈਠ ਕੇ ਤੇ ਵਰਚੁਅਲ ਮੀਟਿੰਗਾਂ ਰਾਹੀਂ ਆਪਣੇ ਆਲੇ ਦੁਆਲੇ ਭਰਮ ਦਾ ਜਾਲ ਬਣਾ ਬੈਠੇ ਹਨ। ਇਸ ਵੇਲੇ ਸਥਿਤੀ ਇਹ ਹੈ ਕਿ ਉਹ ਇਕੱਲੇ ਬਿਨਾਂ ਸੁਰੱਖਿਆ ਤੋਂ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ।

Exit mobile version