ਹੁਣ ਮੁਹੱਲਾ ਕਲੀਨਿਕ ਤੋਂ ਹੀ ਕਰਵਾਓ ਇਲਾਜ, ਪੀ.ਜੀ.ਆਈ ਨੇ ਕੀਤਾ ਇਨਕਾਰ

ਚੰਡੀਗੜ੍ਹ- ਸੂਬੇ ਦੇ ਲੋਕਾਂ ਨੂੰ ਬਿਹਤਰ ਸਿੱਖਿਆ ,ਮੁਫਤ ਇਲਾਜ ਅਤੇ ਮੁਫਤੀ ਬਿਜਲੀ ਦੀ ਗਾਰੰਟੀ ਕਰਨ ਵਾਲੀ ਪੰਜਾਬ ਦੀ ਆਮ ਆਦਮੀ ਸਰਕਾਰ ਹੁਣ ਨਵੀਂ ਮੁਸੀਬਤ ਚ ਫੰਸਦੀ ਨਜ਼ਰ ਆ ਰਹੀ ਹੈ ।ਮੁਹੱਲਾ ਕਲੀਨਿਕ ਖੋ੍ਹਲਣ ਦੇ ਉਦਘਾਟਨ ਤੋਂ ਪਹਿਲਾਂ ਪੀ.ਜੀ.ਆਈ ਨੇ ਵੱਡਾ ਝਟਕਾ ਦਿੱਤਾ ਹੈ । ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ ਜੋ ਆਯੂਸ਼ਮਾਨ ਭਾਰਤ ਯੋਜਨਾ ਸਹਾਰੇ ਇਲਾਜ ਲਈ ਚੰਡੀਗੜ੍ਹ ਆਉਂਦੇ ਹਨ ਪਰ ਉਨ੍ਹਾਂ ਨੂੰ ਹੁਣ ਚੰਡੀਗੜ੍ਹ ਦੇ ਦੋ ਵੱਡੇ ਹਸਪਤਾਲਾਂ ‘ਚ ਇਸ ਦਾ ਲਾਭ ਨਹੀਂ ਮਿਲੇਗਾ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਤੋਂ ਬਾਅਦ ਦੇਸ਼ ਦੀ ਦੂਜੀ ਸਭ ਤੋਂ ਵੱਕਾਰੀ ਸੰਸਥਾ ਪੀਜੀਆਈ ਨੇ ਵੀ ਪੰਜਾਬ ਦੇ ਮਰੀਜ਼ਾਂ ਨੂੰ ਇਸ ਸਕੀਮ ਦਾ ਲਾਭ ਦੇਣ ‘ਤੇ ਰੋਕ ਲਗਾ ਦਿੱਤੀ ਹੈ।

ਪੀਜੀਆਈ ‘ਚ ਆਉਣ ਵਾਲੇ ਪੰਜਾਬ ਦੇ ਅਜਿਹੇ ਸਾਰੇ ਮਰੀਜ਼ਾਂ ਨੂੰ ਹੁਣ ਬਾਕੀ ਮਰੀਜ਼ਾਂ ਵਾਂਗ ਇਲਾਜ ਲਈ ਨਿਰਧਾਰਤ ਭੁਗਤਾਨ ਕਰਨਾ ਪਵੇਗਾ। ਪੰਜਾਬ ਸਰਕਾਰ ਦੇ ਰੁਖ਼ ਨੂੰ ਦੇਖਦੇ ਹੋਏ ਪੀਜੀਆਈ ਨੇ ਇਹ ਵੱਡਾ ਕਦਮ ਚੁੱਕਿਆ ਹੈ। ਅਸਲ ਵਿਚ ਜਿਸ ਸੂਬੇ ਵਿਚ ਲਾਭਪਾਤਰੀ ਮਰੀਜ਼ ਹਨ, ਉਸ ਸੂਬੇ ਨੇ ਇਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਸਿਹਤ ਸੰਸਥਾ ਨੂੰ ਉਚਿਤ ਭੁਗਤਾਨ ਕਰਨਾ ਹੁੰਦਾ ਹੈ। ਪੀਜੀਆਈ ਦਾ ਪੰਜਾਬ ਸਰਕਾਰ ਵੱਲ 16 ਕਰੋੜ ਰੁਪਏ ਦਾ ਬਕਾਇਆ ਹੈ। ਕਈ ਵਾਰ ਯਾਦ ਕਰਵਾਉਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਜਦੋਂ ਪੈਸੇ ਨਾ ਦਿੱਤੇ ਗਏ ਤਾਂ ਪੀਜੀਆਈ ਨੇ ਮਰੀਜ਼ਾਂ ਨੂੰ ਆਯੂਸ਼ਮਾਨ ਭਾਰਤ ਸਕੀਮ ਦਾ ਲਾਭ ਦੇਣਾ ਬੰਦ ਕਰ ਦਿੱਤਾ।

1 ਅਗਸਤ ਤੋਂ ਬਾਅਦ ਹੁਣ ਕਿਸੇ ਵੀ ਮਰੀਜ਼ ਨੂੰ ਇਹ ਲਾਭ ਨਹੀਂ ਮਿਲੇਗਾ। ਹਾਲਾਂਕਿ ਦੂਜੇ ਸੂਬਿਆਂ ਦੇ ਮਰੀਜ਼ਾਂ ਨੂੰ ਪਹਿਲਾਂ ਵਾਂਗ ਹੀ ਲਾਭ ਮਿਲਦਾ ਰਹੇਗਾ। ਪੀਜੀਆਈ ਵਿੱਚ ਹਰ ਰੋਜ਼ ਵੱਡੀ ਗਿਣਤੀ ‘ਚ ਪੰਜਾਬ ਦੇ ਅਜਿਹੇ ਮਰੀਜ਼ਾਂ ਦਾ ਇਲਾਜ ਹੁੰਦਾ ਸੀ। ਇਸ ਸਕੀਮ ਤਹਿਤ ਕਈ ਮਰੀਜ਼ਾਂ ਦੀਆਂ ਵੱਡੀਆਂ ਸਰਜਰੀਆਂ ਤੇ ਟੈਸਟ ਵੀ ਮੁਫ਼ਤ ਹੁੰਦੇ ਸਨ।