ਅੰਮ੍ਰਿਤਸਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਹਨ, ਜਿੱਥੋਂ ਦੀ ਉਹ ਅੱਗੇ ਪਠਾਨਕੋਟ ਲਈ ਰਵਾਨਾ ਹੋ ਗਏ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੇਰਾ ਰੰਗ ਕਾਲਾ ਹੋ ਸਕਦਾ ਹੈ ਪਰ ਮੇਰੀ ਨੀਯਤ ਸਾਫ਼ ਹੈ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਰੋਜ਼ਾ ਪੰਜਾਬ ਦੌਰੇ ’ਤੇ ਹਨ। ਅਰਵਿੰਦ ਕੇਜਰੀਵਾਲ ਦੁਪਿਹਰ ਨੂੰ ਪਠਾਨਕੋਟ ਪਹੁੰਚਣਗੇ।
ਇਸ ਉਪਰੰਤ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਉਪਰ ਪਾਰਟੀ ਵਲੋਂ ਆਯੋਜਤ ‘ਤਿਰੰਗਾ ਯਾਤਰਾ’ ਦੀ ਅਗਵਾਈ ਕਰਨਗੇ। ਤਿਰੰਗਾ ਯਾਤਰਾ ਨੂੰ ਸੰਬੋਧਨ ਕਰਨ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਚੌਥੀ ਗਰੰਟੀ ਦੇਣਗੇ ਅਤੇ ਸ਼ਾਮ ਨੂੰ ਵਾਪਸ ਦਿੱਲੀ ਚਲੇ ਜਾਣਗੇ।
ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ
ਜਲੰਧਰ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਸੱਚਖੰਡ ਵਿਖੇ ਮੱਥਾ ਟੇਕਿਆ ਤੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਕਿ ਸੀਨੀਅਰ ਆਗੂ ਹਾਜ਼ਰ ਸਨ।
ਕਿਸਾਨਾਂ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ
ਤਰਨ ਤਾਰਨ : ਪੰਜਾਬ ਬਾਰਡਰ ਏਰੀਆ ਕਿਸਾਨ ਵੈਲਫੇਅਰ ਸੁਸਾਇਟੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਇਕ ਹਫਤੇ ਵਿੱਚ ਉਹਨਾਂ ਦੀ ਪੈਂਡਿੰਗ ਮੰਗਾ ਨਾ ਮੰਨੀਆਂ ਤਾਂ ਚੰਡੀਗੜ੍ਹ ਸੀਐਮ ਹਾਊਸ ਬਾਹਰ ਪੱਕਾ ਮੋਰਚਾ ਲਗਾਇਆ ਜਾਏਗਾ।
ਇਸ ਸਬੰਧ ਵਿਚ ਇਕ ਯਾਦ ਪੱਤਰ ਵੀ ਤਰਨ ਤਾਰਨ ਦੇ ਡੀ ਸੀ ਕੁਲਵੰਤ ਸਿੰਘ ਨੂੰ ਦਿੱਤਾ ਗਿਆ। ਕਿਸਾਨ ਨੇਤਾਵਾਂ ਦਾ ਕਹਿਣਾ ਸੀ ਕਿ ਸਾਡੀਆਂ ਜ਼ਮੀਨਾਂ ਭਾਰਤ-ਪਾਕਿਸਤਾਨ ਸਰਹੱਦ ਤਾਰਾਂ ਤੋਂ ਪਾਰ ਖੇਤੀ ਵਾਲੀ ਜ਼ਮੀਨ ਦੇ ਸਰਕਾਰ ਵਲੋਂ ਪਿਛਲੇ 4 ਸਾਲਾਂ ਦਾ ਕਿਸਾਨਾਂ ਨੂੰ ਬਣਦਾ ਮੁਆਵਜਾ ਨਹੀਂ ਦਿੱਤਾ ਗਿਆ।
ਬਾਰਡਰ ਏਰੀਆ ਕਿਸਾਨ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਤਾਰੋਂ ਪਾਰ ਜਮੀਨ ਵਾਲੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਪੰਜਾਬ ਸਰਕਾਰ ਨੂੰ ਇਕ ਹਫਤੇ ਦਾ ਸਮਾਂ ਦਿੰਦੀ ਹੈ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੀਐਮ ਹਾਊਸ ਬਾਹਰ ਪੱਕਾ ਮੋਰਚਾ ਲਗਾਇਆ ਜਾਵੇਗਾ।
ਕਾਂਸੀ ਦਾ ਤਗਮਾ ਜੇਤੂ ਸੇਵਾਮੁਕਤ ਅਧਿਆਪਕ ਦਾ ਸਨਮਾਨ
ਬਰਨਾਲਾ : ਵਾਰਾਣਸੀ ਵਿਖੇ ਹੋਈ 28 ਸੂਬਿਆਂ ਦੀ ਅਥਲੈਟਿਕਸ ਮੀਟ ਦੌਰਾਨ ਕਾਂਸੀ ਦਾ ਤਗਮਾ ਜੇਤੂ ਸੇਵਾਮੁਕਤ ਅਧਿਆਪਕ ਸੁਰਿੰਦਰ ਕੁਮਾਰ (78) ਵਾਸੀ ਤਪਾ ਦੇ ਤਪਾ ਪਹੁੰਚਣ ‘ਤੇ ਸ਼ਹਿਰ ਦੇ ਸਮੂਹ ਕਲੱਬਾਂ ਅਤੇ ਸੰਸਥਾਵਾਂ ਨੇ ਪਰਿਵਾਰਕ ਮੈਂਬਰਾਂ ਸਮੇਤ ਭਰਵਾਂ ਸਵਾਗਤ ਕੀਤਾ।
ਇਸ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਅਥਲੀਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਕਾਂਸੇ ਦਾ ਤਗਮਾ ਜਿੱਤਣ ਤੋਂ ਬਾਅਦ ਹੁਣ ਉਨ੍ਹਾਂ ਦੀ ਐਂਟਰੀ 2022 ਵਿਚ ਜਪਾਨ ਦੇ ਸ਼ਹਿਰ ਟੋਕੀਓ ਵਿਖੇ ਹੋ ਰਹੀਆਂ ਖੇਡਾਂ ‘ਚ ਹੋ ਗਈ ਹੈ।
ਵੋਟਰਾਂ ਲਈ ਜਾਗਰੂਕਤਾ ਵੈਨਾਂ ਚਲਾਈਆਂ
ਨਵਾਂਸ਼ਹਿਰ : ਵੋਟਰਾਂ ਨੂੰ ਈ.ਵੀ.ਐਮਜ਼ ਅਤੇ ਵੀ.ਵੀ.ਪੀ.ਏ.ਟੀ. ਦੀ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਚੋਣ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਸਾਰੇ ਪੋਲਿੰਗ ਬੂਥਾਂ ਤੱਕ ਪਹੁੰਚ ਕਰਨ ਲਈ ਜਾਗਰੂਕਤਾ ਵੈਨਾਂ ਚਲਾਈਆਂ ਗਈਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਕੁੱਲ 614 ਬੂਥ ਹਨ ਅਤੇ ਅੱਜ ਸ਼ੁਰੂ ਕੀਤੀ ਗਈ ਈ ਵੀ ਐਮ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਸਾਰੇ ਬੂਥਾਂ ਨੂੰ ਕਵਰ ਕਰੇਗੀ।
ਟੀਵੀ ਪੰਜਾਬ ਬਿਊਰੋ