New Delhi- ਭਾਰਤ ਅਤੇ ਕੈਨੇਡਾ ਵਿਚਾਲੇ ਜਾਰੀ ਕੂਟਨੀਤਿਕ ਤਣਾਅ ਹੁਣ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਖ਼ਬਰ ਹੈ ਕਿ ਡੈੱਡਲਾਈਨ ਖ਼ਤਮ ਹੋਣ ਮਗਰੋਂ ਵੀ ਕੈਨੇਡਾ ਦੇ ਡਿਪਲੋਮੈਟ ਭਾਰਤ ’ਚ ਰੁਕੇ ਹੋਏ ਹਨ। ਕਿਹਾ ਇਹ ਵੀ ਜਾ ਰਿਹਾ ਹੈ ਕਿ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨਾਲ ਅਮਰੀਕਾ ਵਿਖੇ ਇੱਕ ਗੁਪਤ ਬੈਠਕ ਕੀਤੀ ਸੀ। ਹਾਲਾਂਕਿ ਇਸ ਬੈਠਕ ਨੂੰ ਲੈ ਕੇ ਅਧਿਕਾਰਕ ਤੌਰ ’ਤੇ ਅਜੇ ਕੁਝ ਵੀ ਨਹੀਂ ਕਿਹਾ ਗਿਆ ਹੈ।
ਕੈਨੇਡੀਅਨ ਸਰਕਾਰ ਦੇ ਇੱਕ ਸੀਨੀਅਰ ਸੂਤਰ ਮੁਤਾਬਕ ਇਸ ਮੁੱਦੇ ਨੂੰ ਲੈ ਕੇ ਕੈਨੇਡਾ ਭਾਰਤ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਹੈ ਅਤੇ ਕੈਨੇਡਾ ਨੇ ਭਾਰਤ ਦੀ ਮੰਗ ਦੀ ਪਾਲਣਾ ਕੀਤੇ ਬਿਨਾਂ ਸਮਾਂ ਸੀਮਾ ਲੰਘਣ ਦਿੱਤੀ ਹੈ। ਕੈਨੇਡੀਅਨ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤ ਵਲੋਂ ਡਿਪਲੋਮੈਟਿਕ ਮੌਜੂਦਗੀ ਦਾ ਅੰਕਗਣਿਤ ਡਿਪਲੋਮੈਟਿਕ ਮਿਸ਼ਨਾਂ ਦੇ ਅਕਾਰ ਦੀ ਸਹੀ ਤਸਵੀਰ ਨਹੀਂ ਦਰਸਾਉਂਦਾ।
ਕੈਨੇਡਾ ’ਚ ਸਿਰਫ਼ 21 ਮਾਨਤਾ ਪ੍ਰਾਪਤ ਡਿਪਲੋਮੈਟ ਹੋਣ ਦਾ ਭਾਰਤ ਦਾ ਦਾਅਵਾ ਕੈਨੇਡਾ ’ਚ ਮਾਨਤਾ ਪ੍ਰਾਪਤ ਵਿਦੇਸ਼ੀ ਨੁਮਾਇੰਦਿਆਂ ਦੀ ਰਜਿਸਟਰੀ ਨਾਲ ਮੇਲ ਨਹੀਂ ਖਾਂਦਾ ਲੱਗਦਾ ਕਿਉਂਕਿ ਇਸ ਰਜਿਸਟਰੀ ਦੇ ਹਿਸਾਬ ਨਾਲ ਭਾਰਤ ਦੇ ਕੈਨੇਡਾ ਵਿਚ 60 ਨੁਮਾਇੰਦੇ ਹਨ। ਸਾਬਕਾ ਰਾਜਦੂਤ ਗਾਰ ਪਾਰਡੀ, ਜੋ ਕੈਨੇਡਾ ਦੇ ਕੌਂਸਲਰ ਮਾਮਲਿਆਂ ਦੇ ਡਾਇਰੈਕਟਰ-ਜਨਰਲ ਵਜੋਂ ਸੇਵਾ ਨਿਭਾ ਚੁੱਕੇ ਹਨ, ਦਾ ਕਹਿਣਾ ਹੈ ਕਿ ਉਸ ਸੂਚੀ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਆਮ ਤੌਰ ’ਤੇ ਵੀਏਨਾ ਕਨਵੈਨਸ਼ਨ ਦੇ ਤਹਿਤ ਛੋਟ ਪ੍ਰਾਪਤ ਵਿਅਕਤੀ ਮੰਨਿਆ ਜਾਵੇਗਾ।
ਪਾਰਡੀ ਦਾ ਕਹਿਣਾ ਹੈ ਕਿ ਜਦੋਂ ਕੋਈ ਉਸ ਅਧਿਕਾਰਤ ਸੂਚੀ ’ਚ ਹੁੰਦਾ ਹੈ, ਤਾਂ ਉਸਨੂੰ ਆਮ ਤੌਰ ‘ਤੇ ਡਿਪਲੋਮੈਟ ਵਜੋਂ ਮੰਨਿਆ ਜਾਂਦਾ ਹੈ, ਭਾਵੇਂ ਉਹ ਕੈਨੇਡਾ ਵਿਚ ਕੁਝ ਵੀ ਕਰਦਾ ਹੋਵੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਵੀ ਕੈਨੇਡਾ ’ਚ 21 ਤੋਂ ਵੱਧ ਡਿਪਲੋਮੈਟਾਂ ਨੂੰ ਦਿਖਾਉਂਦੀ ਹੈ। ਇਸ ’ਚ 36 ਅਧਿਕਾਰੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ ਜਿਨ੍ਹਾਂ ਦੇ ਅਹੁਦੇ ਆਮ ਤੌਰ ’ਤੇ ਕੂਟਨੀਤਕ ਰੁਤਬੇ ਨੂੰ ਦਰਸਾਉਂਦੇ ਹਨ, ਜਿਵੇਂ ਕਿ ਹਾਈ ਕਮਿਸ਼ਨਰ, ਕੌਂਸਲਰ, ਅਟੈਚ, ਫਸਟ ਅਤੇ ਸੈਕੰਡ ਸੈਕਰੇਟਰੀ, ਉਪ-ਕੌਂਸਲ ਅਤੇ ਕੌਂਸਲਰ ਅਫਸਰ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਿੱਖ ਵੱਖਵਾਦੀ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦਾ ਹੱਥ ਹੋਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਪਿਛਲੇ ਕੁਝ ਸਮੇਂ ਵਿਚ ਬੇਹੱਦ ਕੜਵਾਹਟ ਆ ਗਈ ਸੀ। ਇਹ ਇਸੇ ਕੁੜੱਤਣ ਦਾ ਨਤੀਜਾ ਸੀ ਕਿ ਦੋਹਾਂ ਦੇਸ਼ਾਂ ਵੱਲੋਂ ਇੱਕ-ਇੱਕ ਡਿਪਲੋਮੈਟ ਨੂੰ ਆਪਣੇ-ਆਪਣੇ ਮੁਲਕ ’ਚੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਭਾਰਤ ਨੇ ਬੀਤੀ 3 ਅਕਤੂਬਰ ਨੂੰ 41 ਕੈਨੇਡੀਅਨ ਡਿਪੋਲਮੈਟਾਂ ਨੂੰ ਦੇਸ਼ ਛੱਡਣ ਲਈ 11 ਅਕਤੂਬਰ ਤੱਕ ਦਾ ਸਮਾਂ ਦਿੱਤਾ ਸੀ।