ਹੁਸ਼ਿਆਰਪੁਰ- ਥਾਣਾ ਹਰਿਆਣਾ ਵਿਖੇ ਤੈਨਾਤ ਏਐੱਸਆਈ ਨੇ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਹਿਚਾਣ ਏਐੱਸਆਈ ਸਤੀਸ਼ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੀ ਜੇਬ ਵਿੱਚੋਂ ਸੁਾਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਮੁਤਾਬਿਕ ਮ੍ਰਿਤਕ ਏਐੱਸਆਈ ਦੀ ਥਾਣੇ ਵਿੱਚ ਰਾਤ ਦੀ ਡਿਊਟੀ ਸੀ। ਇਸ ਸਬੰਧੀ ਮ੍ਰਿਤਕ ਕੋਲੋਂ ਮਿਲੇ ਸੁਸਾਇਡ ਨੋਟ ਵਿੱਚ ਇੱਕ ਹੋਰ ਥਾਣੇ ਦੇ ਐੱਸਐੱਸਓ ਨੂੰ ਇਸ ਸਬੰਧੀ ਜਿੰਮੇਵਾਰ ਦੱਸਿਆ ਹੈ।
ਮ੍ਰਿਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਜਾਰੀ ਕਰਕੇ ਟਾਂਡਾ ਥਾਣੇ ਦੇ ਐਸਐਚਓ ਇੰਸਪੈਕਟਰ ਓਂਕਾਰ ਸਿੰਘ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਸ ਨੇ ਵੀਡੀਓ ਵਿਚ ਦੱਸਿਆ ਕਿ ਮੈਂ ਟਾਂਡਾ ਥਾਣੇ ਵਿਚ ਬਤੌਰ ਤਫ਼ਤੀਸ਼ੀ ਅਫ਼ਸਰ ਲੱਗਾ ਹੋਇਆ ਹਾਂ। ਜਦੋਂ ਐਸਐਚਓ ਟਾਂਡਾ ਚੈਕਿੰਗ ਦੌਰਾਨ ਆਏ ਤੇ ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਹਾਈ ਕੋਰਟ ਵਿਚ ਲੱਗੇ ਮੈਟਰ ਬਾਰੇ ਪੁੱਛਿਆ ਤੇ ਮੈਂ ਕਿਹਾ ਕਿ ਇਕੋ ਮੈਟਰ ਲੱਗਾ ਹੈ ਤੇ ਉਸ ਬਾਰੇ ਸਬੰਧਤ ਮੁਲਾਜ਼ਮ ਨੂੰ ਪਤਾ ਹੈ। ਏਨਾ ਕਹਿਣ ’ਤੇ ਉਨ੍ਹਾਂ ਮੈਨੂੰ ਗਾਲ੍ਹਾਂ ਕੱਢੀਆਂ ਤੇ ਬੇਹੱਦ ਜ਼ਲੀਲ ਕੀਤਾ। ਇਸ ਦੇ ਨਾਲ ਹੀ ਰੋਜ਼ਾਨਮਚੇ ਵਿਚ ਵੀ ਮੇਰੇ ਖਿਲਾਫ਼ ਕਾਰਵਾਈ ਲਿਖ ਗਏ।
ਇਸ ਨੂੰ ਲੈ ਕੇ ਉਹ ਬੇਹੱਦ ਪਰੇਸ਼ਾਨ ਸੀ ਤੇ ਇਸ ਦੀ ਜਾਣਕਾਰੀ ਉਸ ਨੇ ਆਪਣੇ ਐਸਐਚਓ ਨੂੰ ਦਿੱਤੀ ਪਰ ਇਸੇ ਪਰੇਸ਼ਾਨੀ ਦੌਰਾਨ ਉਸ ਨੇ ਅੱਜ ਸਵੇਰੇ ਡਿਊਟੀ ਦੌਰਾਨ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।