ਡੈਸਕ- ਸ੍ਰੀਲੰਕਾ ਨੇ ਰਿਕਾਰਡ 11ਵੀਂ ਵਾਰ ਏਸ਼ੀਆ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਇਸ ਨਤੀਜੇ ਨਾਲ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦੇ ਫਾਈਨਲ ਦਾ ਇੰਤਜ਼ਾਰ ਪੂਰਾ ਨਹੀਂ ਹੋ ਸਕਿਆ। ਭਾਰਤ ਅਤੇ ਪਾਕਿਸਤਾਨ ਵਿਚਾਲੇ 39 ਸਾਲਾਂ ਦੇ ਇਤਿਹਾਸ ‘ਚ ਇਕ ਵਾਰ ਵੀ ਖਿਤਾਬੀ ਮੁਕਾਬਲਾ ਨਹੀਂ ਹੋਇਆ ਹੈ।ਭਾਰਤੀ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ 2023 ਦੇ ਫਾਈਨਲ ‘ਚ ਸ਼੍ਰੀਲੰਕਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਦਾਸੁਨ ਸ਼ਨਾਕਾ ਦੀ ਟੀਮ ਨੇ ਸੁਪਰ-4 ਦੇ ਰੋਮਾਂਚਕ ਮੈਚ ਵਿੱਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਰਿਕਾਰਡ 11ਵੀਂ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਮੀਂਹ ਪ੍ਰਭਾਵਿਤ ਇਸ ਮੈਚ ‘ਚ 42-42 ਓਵਰਾਂ ਦਾ ਮੈਚ ਖੇਡਿਆ ਗਿਆ ਅਤੇ ਆਖਰੀ ਗੇਂਦ ‘ਤੇ ਚਰਿਤ ਅਸਾਲੰਕਾ ਦੀ ਸਿਆਣਪ ਨੇ ਸ਼੍ਰੀਲੰਕਾ ਨੂੰ ਜਿੱਤ ਦਿਵਾਈ।
ਸ਼੍ਰੀਲੰਕਾ ਲਈ ਕੁਸਲ ਮੈਂਡਿਸ ਨੇ 91 ਦੌੜਾਂ ਦੀ ਯਾਦਗਾਰ ਪਾਰੀ ਖੇਡੀ, ਜਿਸ ਨੇ ਜਿੱਤ ‘ਚ ਸਭ ਤੋਂ ਵੱਡੀ ਭੂਮਿਕਾ ਨਿਭਾਈ। ਇਸ ਤਰ੍ਹਾਂ ਇਕ ਵਾਰ ਫਿਰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖਿਤਾਬ ਲਈ ਮੁਕਾਬਲਾ ਹੋਵੇਗਾ, ਜਦਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਫਾਈਨਲ ਦਾ ਇੰਤਜ਼ਾਰ 39 ਸਾਲ ਬਾਅਦ ਵੀ ਜਾਰੀ ਰਹੇਗਾ।
ਆਰ ਪ੍ਰੇਮਦਾਸਾ ਸਟੇਡੀਅਮ ‘ਚ ਹੋਏ ਇਸ ਮੈਚ ‘ਚ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 252 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ‘ਚ ਸ਼੍ਰੀਲੰਕਾ ਨੇ ਦਮਦਾਰ ਸ਼ੁਰੂਆਤ ਕੀਤੀ। ਕੁਸਲ ਮੈਂਡਿਸ, ਪਥੁਮ ਨਿਸਾਂਕਾ, ਸਦਾਰਾ ਸਮਰਾਵਿਕਰਮਾ ਨੇ ਸ਼ਾਨਦਾਰ ਮੰਚ ਬਣਾਇਆ, ਪਰ ਇਫਤਿਖਾਰ ਅਹਿਮਦ ਅਤੇ ਸ਼ਾਹੀਨ ਸ਼ਾਹ ਅਫਰੀਦੀ ਨੇ ਆਖਰੀ ਓਵਰਾਂ ਵਿੱਚ ਟੀਮ ਲਈ ਵਾਪਸੀ ਕੀਤੀ।
ਸ਼੍ਰੀਲੰਕਾ ਨੂੰ ਆਖਰੀ 2 ਗੇਂਦਾਂ ‘ਤੇ 6 ਦੌੜਾਂ ਦੀ ਲੋੜ ਸੀ ਅਤੇ ਸਿਰਫ 2 ਵਿਕਟਾਂ ਬਚੀਆਂ ਸਨ। ਡੈਬਿਊ ਕਰਨ ਵਾਲੇ ਜ਼ਮਾਨ ਖਾਨ ਦੀ ਪੰਜਵੀਂ ਗੇਂਦ ਬੱਲੇ ਦੇ ਕਿਨਾਰੇ ‘ਤੇ ਲੱਗੀ ਅਤੇ ਗੇਂਦ 4 ਦੌੜਾਂ ‘ਤੇ ਚਲੀ ਗਈ। ਫਿਰ ਸਕੁਏਅਰ ਲੇਗ ‘ਤੇ ਆਖਰੀ ਗੇਂਦ ਖੇਡ ਕੇ ਅਸਾਲੰਕਾ ਨੇ 2 ਦੌੜਾਂ ਬਣਾ ਕੇ ਟੀਮ ਨੂੰ ਫਾਈਨਲ ‘ਚ ਪਹੁੰਚਾਇਆ।