ਸਪੋਰਟਸ ਡੈਸਕ- ਅਨੁਭਵੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (5/48) ਦੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਪਹਿਲੇ ਵਨ ਡੇ ’ਚ ਵੈਸਟਇੰਡੀਜ਼ ਵਿਰੁੱਧ ਜਿੱਤ ਹਾਸਲ ਕਰ ਲਈ ਹੈ। ਆਸਟ੍ਰੇਲੀਆ ਨੇ 133 ਦੌੜਾਂ ਦੀ ਵੱਡੀ ਜਿੱਤ ਦਰਜ ਕਰਦੇ ਹੋਏ 3 ਮੈਚਾਂ ਦੀ ਇਸ ਸੀਰੀਜ਼ ’ਚ 1-0 ਅੱਗੇ ਹੈ। ਇਸ ਮੈਚ ਵਿਚ ਸੱਟ ਲੱਗਣ ‘ਤੇ ਆਰੋਨ ਫਿੰਚ ਬਾਹਰ ਹੋਣ ਕਾਰਨ ਕੈਰੀ ਪਹਿਲੀ ਵਾਰ ਕਪਤਾਨੀ ਕਰ ਰਹੇ ਸਨ। ਲੈੱਗ ਸਪਿਨਰ ਹੇਡਨ ਵਾਲਸ਼ ਨੇ 39 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆਈ ਟੀਮ ਨੇ ਮੀਂਹ ਤੋਂ ਬਾਅਦ ਨਿਰਧਾਰਤ 49 ਓਵਰਾਂ ’ਚ 9 ਵਿਕਟਾਂ ਗਵਾ ਕੇ 252 ਦੌੜਾਂ ਬਣਾਈਆਂ, ਜਿਸ ’ਚ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਏਲੇਕਸ ਕੈਰੀ (67 ਦੌੜਾਂ) ਅਤੇ ਆਲਰਾਊਂਡਰ ਏਸ਼ਟਨ ਟਰਨਰ (49 ਦੌੜਾਂ) ਦਾ ਅਹਿਮ ਯੋਗਦਾਨ ਰਿਹਾ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਪੂਰੀ ਟੀਮ 26.2 ਓਵਰਾਂ ’ਚ 123 ਦੌੜਾਂ ’ਤੇ ਹੀ ਆਲਆਊਟ ਹੋ ਗਈ। ਮੁੱਢਲੇ 27 ਦੇ ਸਕੋਰ ’ਤੇ ਉਸ ਦੀਆਂ 6 ਵਿਕਟਾਂ ਡਿੱਗ ਚੁੱਕੀਆਂ ਸਨ।