Site icon TV Punjab | Punjabi News Channel

ਆਸਟ੍ਰੇਲੀਆ ਨੇ ਮੰਗਿਆ ਭਾਰਤ ਕੋਲੋਂ 5 ਹਜ਼ਾਰ ਲੀਟਰ ਜ਼ਹਿਰ, ਜਾਣੋਂ ਕਿਉਂ?

ਟੀਵੀ ਪੰਜਾਬ ਬਿਊਰੋ– ਸਮੁੱਚੀ ਦੁਨੀਆਂ ਇਸ ਸਮੇਂ ਜਿੱਥੇ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਉਥੇ ਹੀ ਆਸਟਰੇਲੀਆ ਇਕ ਹੋਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਸਮੇਂ ਚੂਹਿਆਂ ਕਾਰਨ ਆਸਟਰੇਲੀਆ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਆਸਟ੍ਰੇਲੀਆ ਵਿੱਚ ਚੂਹਿਆਂ ਦੀ ਗਿਣਤੀ ‘ਚ ਬੇਤਹਾਸ਼ਾ ਵਾਧਾ ਹੋਣ ਤੋਂ ਬਾਅਦ ਇੱਥੇ Biblical plague ਘੋਸ਼ਿਤ ਕੀਤਾ ਗਿਆ ਹੈ।
ਚੂਹਿਆਂ ਕਾਰਨ ਆਸਟਰੇਲੀਆ ਦੇ ਕਿਸਾਨ ਵੀ ਪਰੇਸ਼ਾਨ ਹਨ। ਚੂਹੇ ਉਨ੍ਹਾਂ ਦੀਆਂ ਫਸਲਾਂ ਨੂੰ ਤਬਾਹ ਕਰ ਰਹੇ ਹਨ। ਸਥਿਤੀ ਇਸ ਹੱਦ ਤਕ ਬਦਤਰ ਹੋ ਗਈ ਹੈ ਕਿ ਚੂਹੇ ਸੁੱਤੇ ਹੋਏ ਲੋਕਾਂ ਨੂੰ ਬਿਸਤਰੇ ‘ਚ ਵੜ ਕੇ ਵੀ ਵੱਢ ਰਹੇ ਹਨ। ਇੱਥੇ ਇਕ ਪਰਿਵਾਰ ਨੇ ਚੂਹਿਆਂ ਨੂੰ ਉਨ੍ਹਾਂ ਦੇ ਘਰ ਨੂੰ ਸਾੜਨ ਲਈ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਚੂਹੇ ਬਿਜਲੀ ਦੀਆਂ ਤਾਰਾਂ ਨੂੰ ਟੁੱਕ ਗਏ ਸਨ ਜਿਸ ਕਾਰਨ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ ਸੀ । ਆਸਟ੍ਰੇਲੀਆ ਦੀ ਸਰਕਾਰ ਹੁਣ ਇਨ੍ਹਾਂ ਚੂਹਿਆਂ ਨਾਲ ਨਜਿੱਠਣ ਦੇ ਤਰੀਕੇ ਲੱਭ ਰਹੀ ਹੈ।
ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਕਿਹਾ, “ਹੁਣ ਅਸੀਂ ਇਕ ਨਾਜ਼ੁਕ ਮੋੜ ‘ਤੇ ਹਾਂ, ਜੇ ਅਸੀਂ ਬਸੰਤ ਰੁੱਤ ਤਕ ਚੂਹਿਆਂ ਦੀ ਗਿਣਤੀ ਨੂੰ ਘੱਟ ਨਹੀਂ ਕਰਦੇ ਤਾਂ ਸਾਨੂੰ ਪੇਂਡੂ ਅਤੇ ਖੇਤਰੀ ਨਿਊ ਸਾਊਥ ਵੇਲਜ਼ ‘ਚ ਪੂਰੇ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।”

ਆਸਟਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਸਥਿਤੀ ਨੂੰ ਬਦਤਰ ਦੱਸਿਆ ਹੈ। ਬਰੂਸ ਬਾਰਨਜ਼ ਨਾਮ ਦੇ ਇੱਕ ਕਿਸਾਨ ਨੇ ਕਿਹਾ ਕਿ ਉਹ ਕੇਂਦਰੀ ਨਿਊ ਸਾਊਥ ਵੇਲਜ਼ ਦੇ ਸ਼ਹਿਰ ਬੋਗਨ ਗੇਟ ਨੇੜੇ ਆਪਣੇ ਖੇਤ ਵਿੱਚ ਫਸਲਾਂ ਬੀਜ ਕੇ ਇੱਕ ਤਰ੍ਹਾਂ ਨਾਲ ਜੂਆ ਖੇਡ ਰਿਹਾ ਹੈ। ਉਸ ਨੇ ਕਿਹਾ, “ਅਸੀਂ ਸਿਰਫ ਬਿਜਾਈ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਖਤ ਮਿਹਨਤ ਵਿਅਰਥ ਨਾ ਜਾਵੇ।”

 ਇਕ ਰਿਪੋਰਟ ਮੁਤਾਬਕ ਚੂਹੇ ਹਰ ਜਗ੍ਹਾ ਮੌਜੂਦ ਹੁੰਦੇ ਹਨ। ਉਹ ਖੇਤਾਂ, ਘਰਾਂ, ਛੱਤ, ਫਰਨੀਚਰ  ਤੋਂ ਲੈ ਕੇ ਸਕੂਲ ਅਤੇ ਹਸਪਤਾਲਾਂ ਵਿੱਚ ਵੀ ਪਹੁੰਚ ਚੁੱਕੇ ਹਨ। ਲੋਕ ਚੂਹੇ ਦੇ ਮਲ-ਮੂਤਰ ਅਤੇ ਸੜਨ ਦੀ ਬਦਬੂ ਤੋਂ ਪ੍ਰੇਸ਼ਾਨ ਹਨ। ਬਹੁਤ ਸਾਰੇ ਲੋਕਾਂ ਦੇ ਇਸ ਤੋਂ ਬਿਮਾਰ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਉਥੋਂ ਦੀ ਸਰਕਾਰ ਨੇ ਭਾਰਤ ਕੋਲੋਂ 5000 ਲੀਟਰ ਬਰੂਮਿਡਿਓਲੋਨ ਜ਼ਹਿਰ ਦੀ ਮੰਗ ਕੀਤੀ ਹੈ, ਤਾਂ ਜੋ ਚੂਹਿਆਂ ਦੇ ਦਹਿਸ਼ਤ ਨਾਲ ਨਜਿੱਠਿਆ ਜਾ ਸਕੇ।

Exit mobile version