ਇੰਗਲੈਂਡ ’ਚ ਕੈਨੇਡੀਅਨ ਨੌਜਵਾਨ ’ਤੇ ਲੱਗੇ ਅੱਤਵਾਦ ਦੇ ਦੋਸ਼

London- ਬੀਤੇ ਹਫ਼ਤੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਗਿ੍ਰਫ਼ਤਾਰ ਕੀਤੇ ਗਏ ਇਕ ਕੈਨੇਡੀਅਨ ਵਿਅਕਤੀ ’ਤੇ ਬਿ੍ਰਟਿਸ਼ ਪੁਲਿਸ ਨੇ ਅੱਤਵਾਦ ਦੇ ਦੋਸ਼ ਲਗਾਏ ਹਨ। ਇਸ ਸੰਬੰਧੀ CPS ਕਾਊਂਟਰ ਟੈਰਰਰਿਜ਼ਮ ਡਿਵੀਜ਼ਨ ਦੇ ਚੀਫ਼ ਕ੍ਰਾਊਨ ਪ੍ਰੌਸੀਕਿਊਟਰ ਨਿਕ ਪ੍ਰਾਈਸ ਨੇ ਦੱਸਿਆ ਕਿ ਕ੍ਰਾਊਨ ਪ੍ਰਾਸੀਕਿਊਸ਼ਨ ਸਰਵਿਸ ਨੇ ਅੰਜੇਮ ਚੌਧਰੀ ਅਤੇ ਖ਼ਾਲਿਦ ਹੁਸੈਨ ’ਤੇ ਅੱਤਵਾਦ ਕਾਨੂੰਨ ਅਧੀਨ ਦੋਸ਼ ਲਗਾ ਦਿੱਤੇ ਹਨ। ਉਨ੍ਹਾਂ ਦੱਸਿਆ ਦੋਹਾਂ ’ਤੇ ਦੋਸ਼ ਪਾਬੰਦੀਸ਼ੁਦਾ ਸੰਗਠਨ ਅਲ-ਮੁਹਾਜੀਰੂਨ ਨਾਲ ਸੰਬੰਧ ਰੱਖਣ ਕਾਰਨ ਲਗਾਏ ਗਏ ਹਨ, ਜਿਸ ਨੂੰ ਇਸਲਾਮਿਕ ਥਿੰਕਰਜ਼ ਸੁਸਾਇਟੀ ਵੀ ਕਿਹਾ ਜਾਂਦਾ ਹੈ। ਇੱਕ ਪ੍ਰੈੱਸ ਬਿਆਨ ’ਚ ਪੁਲਿਸ ਨੇ ਦੱਸਿਆ ਕਿ 28 ਸਾਲਾ ਖ਼ਾਲਿਦ ਹੁਸੈਨ ਕੈਨੇਡਾ ਦੇ ਐਡਮਿੰਟਨ ਦਾ ਰਹਿਣ ਵਾਲਾ ਹੈ, ਜਦਕਿ 56 ਸਾਲਾ ਅੰਜੇਮ ਚੌਧਰੀ ਪੂਰਬੀ ਲੰਡਨ ਦਾ ਰਹਿਣ ਵਾਲਾ ਬਿ੍ਰਟਿਸ਼ ਨਾਗਰਿਕ ਹੈ। ਕਈ ਬਿ੍ਰਟਿਸ਼ ਮੀਡੀਆ ਰਿਪੋਰਟਾਂ ਮੁਤਾਬਕ ਚੌਧਰੀ ਇਕ ਮਸ਼ਹੂਰ ਕੱਟੜਪੰਥੀ ਇਸਲਾਮੀ ਪ੍ਰਚਾਰਕ ਹੈ, ਜਿਸ ’ਤੇ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਦੀ ਮਦਦ ਕਰਨ ਦੇ ਦੋਸ਼ ਵੀ ਲੱਗੇ ਸਨ। ਦੋਹਾਂ ਨੂੰ ਅੱਜ ਲੰਡਨ ਦੀ ਵੈਸਟਮਿੰਸਟਰ ਅਦਾਲਤ ’ਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਪੁਲਿਸ ਨੇ ਹੁਸੈਨ ’ਤੇ ਇਹ ਦੋਸ਼ ਲਾਏ ਕਿ ਉਹ ਦੋ ਸਾਲਾਂ ਤੋਂ ਅਲ-ਮੁਹਾਜੀਰੂਨ ਦਾ ਮੈਂਬਰ ਸੀ ਅਤੇ ਚੌਧਰੀ ਦੇ ਸੰਪਰਕ ’ਚ ਸੀ। ਇੰਨਾ ਹੀ ਨਹੀਂ ਉਹ ਅਸਲ ’ਚ ਚੌਧਰੀ ਲਈ ਕੰਮ ਕਰ ਰਿਹਾ ਸੀ। ਮਾਮਲੇ ਦੀ ਅਗਲੀ ਸੁਣਵਾਈ 4 ਅਗਸਤ ਨੂੰ ਹੋਵੇਗੀ ਅਤੇ ਉਦੋਂ ਤੱਕ ਦੋਹਾਂ ਨੂੰ ਪੁਲਿਸ ਹਿਰਾਸਤ ’ਚ ਰੱਖਿਆ ਜਾਵੇਗਾ।