Axar Patel ਨੇ ਤੋੜਿਆ MS ਧੋਨੀ ਦਾ 17 ਸਾਲ ਪੁਰਾਣਾ ਰਿਕਾਰਡ, ਇਕ ਪਾਰੀ ‘ਚ ਲਗਾਏ ਸਭ ਤੋਂ ਵੱਧ ਛੱਕੇ

ਭਾਰਤ ਨੇ ਦੂਜੇ ਵਨਡੇ ਵਿੱਚ ਅਕਸ਼ਰ ਪਟੇਲ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਵੈਸਟਇੰਡੀਜ਼ ਨੂੰ 2 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਅਕਸ਼ਰ ਪਟੇਲ ਨੇ 35 ਗੇਂਦਾਂ ਦੀ ਆਪਣੀ ਪਾਰੀ ਵਿਚ 3 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 64 ਦੌੜਾਂ ਬਣਾਈਆਂ। ਇਸ ਪਾਰੀ ਦੌਰਾਨ ਅਕਸ਼ਰ ਨੇ ਸਾਬਕਾ ਭਾਰਤੀ ਕਪਤਾਨ ਅਤੇ ਮੈਚ ਫਿਨਿਸ਼ਰ ਐੱਮਐੱਸ ਧੋਨੀ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਅਕਸ਼ਰ ਨੇ ਇੱਥੇ ਧੋਨੀ ਦੇ ਅੰਦਾਜ਼ ‘ਚ ਛੱਕਾ ਜੜ ਕੇ ਭਾਰਤ ਨੂੰ ਜਿੱਤ ਦਿਵਾਈ।

ਭਾਰਤ ਇਸ ਮੈਚ ਵਿੱਚ 312 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰ ਰਿਹਾ ਸੀ। ਟੀਮ ਇੰਡੀਆ ਇਕ ਸਮੇਂ ਮੁਸੀਬਤ ਵਿਚ ਸੀ, ਜਦੋਂ 40 ਓਵਰਾਂ ਦੀ ਖੇਡ ਖਤਮ ਹੋਣ ਤੋਂ ਬਾਅਦ ਸਕੋਰ ਬੋਰਡ ‘ਤੇ 212 ਦੌੜਾਂ ਸਨ ਅਤੇ ਉਸ ਦੇ 5 ਬੱਲੇਬਾਜ਼ ਪੈਵੇਲੀਅਨ ਪਰਤ ਚੁੱਕੇ ਸਨ। ਪਰ ਇੱਥੇ ਆਖ਼ਰੀ 10 ਓਵਰਾਂ ਵਿੱਚ ਬਾਕੀ ਬਚੀਆਂ 100 ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਅਕਸ਼ਰ ਪਟੇਲ ਨੇ ਸੰਭਾਲ ਲਈ।

ਇਸ ਪਾਰੀ ਦੌਰਾਨ ਅਕਸ਼ਰ ਨੇ ਜੋ 5 ਛੱਕੇ ਲਗਾਏ, ਉਹ ਹੁਣ ਕਿਸੇ ਭਾਰਤੀ ਬੱਲੇਬਾਜ਼ ਦੁਆਰਾ 7ਵੇਂ ਨੰਬਰ ਜਾਂ ਇਸ ਤੋਂ ਹੇਠਾਂ ਖੇਡਣ ਵਾਲੇ ਬੱਲੇਬਾਜ਼ ਦੁਆਰਾ ਦੌੜਾਂ ਦਾ ਪਿੱਛਾ ਕਰਨ ਦੌਰਾਨ ਲਗਾਏ ਗਏ ਸਭ ਤੋਂ ਵੱਧ ਛੱਕੇ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਮਹਿੰਦਰ ਸਿੰਘ ਧੋਨੀ ਦੇ ਨਾਂ ਸੀ, ਜਿਨ੍ਹਾਂ ਨੇ ਸਾਲ 2005 ‘ਚ ਜ਼ਿੰਬਾਬਵੇ ਖਿਲਾਫ 3 ਛੱਕੇ ਲਗਾਏ ਸਨ।

ਧੋਨੀ ਤੋਂ ਬਾਅਦ ਯੂਸਫ ਪਠਾਨ ਨੇ ਦੋ ਵਾਰ ਇਸ ਰਿਕਾਰਡ ਦੀ ਬਰਾਬਰੀ ਕੀਤੀ ਪਰ ਉਹ ਇਸ ਰਿਕਾਰਡ ਨੂੰ ਕਦੇ ਨਹੀਂ ਤੋੜ ਸਕੇ। ਯੂਸਫ਼ ਨੇ ਸਾਲ 2011 ਵਿੱਚ ਦੋਨੋਂ ਵਾਰ 7ਵੇਂ ਨੰਬਰ ਜਾਂ ਹੇਠਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਦੌੜਾਂ ਦਾ ਸਫਲ ਪਿੱਛਾ ਕਰਨ ਵਿੱਚ ਜਿੱਤ ਦਿਵਾਈ ਅਤੇ ਉਸ ਨੇ ਦੋਵੇਂ ਵਾਰ 3-3 ਛੱਕੇ ਲਗਾਏ। ਪਠਾਨ ਨੇ ਇਹ ਕਾਰਨਾਮਾ ਦੱਖਣੀ ਅਫਰੀਕਾ ਅਤੇ ਆਇਰਲੈਂਡ ਖਿਲਾਫ ਕੀਤਾ ਸੀ।

ਭਾਰਤ ਦੀ ਜਿੱਤ ਤੋਂ ਬਾਅਦ ਆਲਰਾਊਂਡਰ ਅਕਸ਼ਰ ਨੇ ਕਿਹਾ, ‘ਇਹ ਇਕ ਖਾਸ ਪਾਰੀ ਹੈ ਕਿਉਂਕਿ ਮੈਂ 2017 ਤੋਂ ਬਾਅਦ ਆਪਣਾ ਪਹਿਲਾ ਵਨਡੇ ਮੈਚ ਖੇਡ ਰਿਹਾ ਸੀ ਅਤੇ ਮੇਰਾ ਪਹਿਲਾ ਫਿਫਟੀ ਵੀ ਇੱਥੇ ਆ ਗਿਆ ਹੈ। ਸੀਰੀਜ਼ ਜਿੱਤਣ ਨਾਲ ਮੇਰੀ ਖੁਸ਼ੀ ਦੁੱਗਣੀ ਹੋ ਗਈ ਹੈ।

ਉਸ ਨੇ ਕਿਹਾ, ‘ਅਸੀਂ ਕ੍ਰੀਜ਼ ‘ਤੇ ਸੋਚਿਆ ਸੀ ਕਿ ਇਹ ਟੀਚਾ ਹਾਸਲ ਕੀਤਾ ਜਾ ਸਕਦਾ ਹੈ ਕਿਉਂਕਿ ਸਾਡੇ ਕੋਲ ਆਈਪੀਐਲ ਦਾ ਤਜਰਬਾ ਹੈ। ਅਸੀਂ ਸਿਰਫ਼ ਆਪਣੇ ਆਪ ਨੂੰ ਸ਼ਾਂਤ ਰੱਖ ਕੇ ਖੇਡ ਦੀ ਤੀਬਰਤਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਸੀ।