Surrey- ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਸਬੰਧੀ ਅੱਜ ਪੁਲਿਸ ਵਲੋਂ ਅਹਿਮ ਜਾਣਕਾਰੀ ਦਿੱਤੀ ਗਈ ਹੈ। ਅੱਜ ਦੁਪਹਿਰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਰ. ਸੀ. ਐੱਮ. ਪੀ. ਦੀ ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਇਸ ਹੱਤਿਆ ਦੇ ਸੰਬੰਧ ’ਚ ਇੱਕ ਸ਼ੱਕੀ ਵਾਹਨ ਦੀ ਪਹਿਚਾਣ ਕੀਤੀ ਹੈ ਅਤੇ ਹੁਣ ਉਹ ਇਸ ਮਾਮਲੇ ’ਚ ਤੀਜੇ ਸ਼ੱਕੀ ਦੀ ਤਲਾਸ਼ ਕਰ ਰਹੇ ਹਨ। IHIT ਵਲੋਂ ਸ਼ੁਰੂ ’ਚ ਦੋ ਸ਼ੱਕੀਆਂ ਦੀ ਤਲਾਸ਼ ਕੀਤੀ ਜਾ ਰਹੀ ਸੀ, ਜਿਨ੍ਹਾਂ ਬਾਰੇ ਦੱਸਿਆ ਗਿਆ ਸੀ ਕਿ ਉਹ ‘‘ਭਾਰੇ ਪੁਰਸ਼ ਹਨ ਅਤੇ ਉਨ੍ਹਾਂ ਨੇ ਮੂੰਹ ਢੱਕੇ ਹੋਏ ਸਨ’’ ਪਰ ਅੱਜ IHIT ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਇਕੱਲਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ IHIT ਦੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਦੱਸਿਆ ਕਿ ਭਗੌੜਾ ਚਾਲਕ ਸਿਲਵਰ ਰੰਗ ਦੀ 2008 ਟਿਓਟਾ ਕੈਮਰੀ ਗੱਡੀ ’ਚ ਦੂਜੇ ਹੋ ਹੋਰ ਸ਼ੱਕੀਆਂ ਦਾ ਇੰਤਜ਼ਾਰ ਕਰ ਰਿਹਾ ਸੀ, ਜਿਹੜੀ ਕਿ ਹੱਤਿਆ ਤੋਂ ਪਹਿਲਾਂ ਅਤੇ ਹੱਤਿਆ ਮਗਰੋਂ 121 ਸਟਰੀਟ ਅਤੇ 68 ਐਵੇਨਿਊ ਦੇ ਕੋਲ ਖੜ੍ਹੀ ਸੀ। ਉਨ੍ਹਾਂ ਨੇ ਇਸ ਗੱਡੀ ਦੀ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਪਿਰੋਟੀ ਨੇ ਕਿਹਾ ਕਿ ਉਹ ਇਹ ਗੱਲ ਤਾਂ ਨਹੀਂ ਕਹਿ ਸਕਦੇ ਕਿ ਇਹ ਵਾਹਨ ਚੋਰੀ ਦਾ ਹੈ ਜਾਂ ਨਹੀਂ ਪਰ ਇਸ ਗੱਲ ਦੀ ਉਮੀਦ ਕਰ ਸਕਦੇ ਹਨ ਕਿ ਜਨਤਾ ’ਚੋਂ ਕੋਈ ਇਸ ਦੀ ਪਹਿਚਾਣ ਕਰਨ ’ਚ ਮਦਦ ਕਰ ਸਕਦਾ ਹੈ। ਪਿਰੋਟੀ ਨੇ ਦੱਸਿਆ, ‘‘ਸਾਡਾ ਮੰਨਣਾ ਹੈ ਕਿ ਇਹ 121 ਸਟਰੀਟ ’ਤੇ ਜਾਣ-ਬੁੱਝ ਦੋ ਸ਼ੱਕੀਆਂ ਵਲੋਂ ਇਸ ਹੱਤਿਆ ਦੀ ਵਾਰਦਾਤ ਨੂੰ ਪੂਰਾ ਕਰਨ ਦੀ ਉਡੀਕ ਕਰ ਰਿਹਾ ਸੀ।’’ ਉਨ੍ਹਾਂ ਅੱਗੇ ਕਿਹਾ, ‘‘ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਕਤਲ ’ਚ ਸ਼ਾਮਿਲ ਤੀਜਾ ਸ਼ੱਕੀ ਸੀ।’’ ਦੱਸ ਦਈਏ ਕਿ ਹਰਦੀਪ ਸਿੰਘ ਨਿੱਝਰ ਦੀ ਬੀਤੀ 18 ਜੂਨ ਨੂੰ ਨਿਊਟਨ ਟਾਊਨ ਸੈਂਟਰ ’ਚ 120 ਸਟਰੀਟ ’ਤੇ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।